ਹਨੂੰਮਾਨਗੜ੍ਹ ਸਟੇਸ਼ਨ ਮਾਸਟਰ ਨੂੰ ਡਾਕ ਰਾਹੀਂ ਮਿਲਿਆ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਵਾਲਾ ਪੱਤਰ
ਜੈਪੁਰ : ਹਨੂੰਮਾਨਗੜ੍ਹ ਰੇਲਵੇ ਸਟੇਸ਼ਨ ’ਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਪੱਤਰ ਮਿਲਿਆ ਹੈ। ਹਨੂੰਮਾਨਗੜ੍ਹ ਦੇ ਵਧੀਕ ਐੱਸਪੀ ਪਿਆਰੇ ਲਾਲ ਮੀਨਾ ਨੇ ਦੱਸਿਆ ਕਿ ਇਹ ਪੱਤਰ ਹਨੂੰਮਾਨਗੜ੍ਹ ਸਟੇਸ਼ਨ ਮਾਸਟਰ ਨੂੰ ਡਾਕ ਰਾਹੀਂ ਮਿਲਿਆ ਅਤੇ ਸਥਾਨਕ ਪੁਲੀਸ ਨੂੰ ਇਸ ਬਾਰੇ ਸੂਚਨਾ ਮੰਗਲਵਾਰ ਸ਼ਾਮ ਨੂੰ ਮਿਲੀ ਸੀ। ਉਨ੍ਹਾਂ ਕਿਹਾ, ‘ਚਿੱਠੀ ਵਿੱਚ ਜੈਸ਼-ਏ-ਮੁਹੰਮਦ ਦੇ ਨਾਂ ਤੋਂ ਧਮਕੀ ਦਿੱਤੀ ਗਈ ਸੀ ਕਿ 30 ਅਕਤੂਬਰ ਨੂੰ ਗੰਗਾਨਗਰ, ਹਨੂੰਮਾਨਗੜ੍ਹ, ਜੋਧਪੁਰ, ਬੀਕਾਨੇਰ, ਕੋਟਾ, ਬੂੰਦੀ, ਉਦੈਪੁਰ ਅਤੇ ਜੈਪੁਰ ਦੇ ਰੇਲਵੇ ਸਟੇਸ਼ਨਾਂ ਅਤੇ ਹੋਰ ਸਥਾਨਾਂ ਨੂੰ ਬੰਬਾਂ ਨਾਲ ਉਡਾ ਦਿੱਤਾ ਜਾਵੇਗਾ।’ ਉਨ੍ਹਾਂ ਦੱਸਿਆ ਕਿ ਚਿੱਠੀ ਭੇਜਣ ਵਾਲੇ ਨੇ 2 ਨਵੰਬਰ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।