30 ਸਾਲਾ ਨੌਜਵਾਨ ਨੇ ਫਾਹਾ ਲਗਾ ਕੀਤੀ ਜਿ਼ੰਦਗੀ ਦਾ ਅੰਤ
ਲਾਂਬੜਾ : ਲਾਂਬੜਾ ਅਬਾਦੀ ਵਾਸੀ ਨੌਜਵਾਨ ਗੁਰਪ੍ਰੀਤ (30) ਪੁੱਤਰ ਸੋਮਪਾਲ ਨੇ ਸ਼ਨਿਚਰਵਾਰ ਨੂੰ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੇ ਪਿਤਾ ਸੋਮਪਾਲ ਨੇ ਦੱਸਿਆ ਕਿ ਸ਼ਾਮ ਖਾਣਾ ਖਾਣ ਤੋਂ ਬਾਅਦ ਹਰ ਰੋਜ਼ ਦੀ ਤਰ੍ਹਾਂ ਉਸ ਦਾ ਬੇਟਾ ਆਰਾਮ ਕਰਨ ਲਈ ਉੱਪਰ ਕਮਰੇ ’ਚ ਚਲਾ ਗਿਆ ਤੇ ਜਦੋਂ ਕੁਝ ਸਮੇਂ ਬਾਅਦ ਉਹ ਆਪਣੇ ਬੇਟੇ ਨੂੰ ਦੇਖਣ ਲਈ ਕਮਰੇ ’ਚ ਗਏ ਤਾਂ ਕਮਰੇ ਦੀ ਲਾਈਟ ਬੰਦ ਸੀ। ਉਨ੍ਹਾਂ ਨੇ ਦਰਵਾਜਾ ਖੋਲਣ ਲਈ ਆਵਾਜ਼ਾਂ ਮਾਰੀਆਂ ਪਰ ਦਰਵਾਜਾ ਨਾ ਖੋਲੇ ਜਾਣ ’ਤੇ ਇਕੱਠੇ ਹੋਏ ਲੋਕਾਂ ਨੇ ਕਮਰੇ ਦੀ ਖਿੜਕੀ ਤੋੜ ਕੇ ਦੇਖਿਆ ਕਿ ਗੁਰਪ੍ਰੀਤ ਪੱਖੇ ਨਾਲ ਚੁੰਨੀ ਪਾ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕਾ ਸੀ। ਪਰਿਵਾਰ ਵੱਲੋਂ ਇਸ ਦੀ ਸੂਚਨਾ ਤੁਰੰਤ ਲਾਂਬੜਾ ਪੁਲਿਸ ਨੂੰ ਦਿੱਤੀ ਗਈ। ਲਾਂਬੜਾ ਥਾਣਾ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ 11:30 ਵਜੇ ਦੇ ਕਰੀਬ ਲਾਂਬੜਾ ਅਬਾਦੀ ਤੋਂ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਵੱਲੋਂ ਫਾਹਾ ਲੈ ਆਪਣੀ ਜਾਨ ਦੇ ਦਿੱਤੀ ਗਈ ਹੈ ਜਿੱਥੇ ਪਹੁੰਚ ਕੇ ਲਾਂਬੜਾ ਪੁਲਿਸ ਵੱਲੋਂ ਮ੍ਰਿਤਕ ਦੇਹ( ) ਨੂੰ ਪੱਖੇ ਨਾਲੋਂ ਉਤਾਰਿਆ ਗਿਆ ਤੇ ਮ੍ਰਿਤਕ ਦੇ ਪਿਤਾ ਸੋਮਪਾਲ ਦੇ ਬਿਆਨ ਦਰਜ ਕੀਤੇ ਗਏ ਜਿਸ ’ਚ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਤੇ ਕੋਈ ਵੀ ਸ਼ੱਕ ਨਹੀਂ ਹੈ ਉਸ ਦਾ ਬੇਟਾ ਕੰਮ ਨਾ ਹੋਣ ਕਰਕੇ ਪਰੇਸ਼ਾਨ ਸੀ। ਲਾਂਬੜਾ ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।