ਮਨੀਪੁਰ ਦੇ ਉਖਰੁਲ ਜਿ਼ਲ੍ਹੇ ’ਚ ਪੋਸਤ ਦੀ 70 ਏਕੜ ਫਸਲ ਨਸ਼ਟ ਕੀਤੀ
ਇੰਫਾਲ : ਭਾਰਤ ਦੇਸ਼ ਦੇ ਸੂਬੇ ਮਨੀਪੁਰ ਵਿੱਚ ਪੈਂਦੇ ਉੁਖਰੁਲ ਜਿ਼ਲ੍ਹੇ ਦੇ ਤਿੰਨ ਪਿੰਡਾਂ ’ਚ ਲਗਭਗ 70 ਏਕੜ ’ਚ ਨਾਜਾਇਜ਼ ਤੌਰ ’ਤੇ ਬੀਜੀ ਗਈ ਪੋਸਤ ਦੀ ਫ਼ਸਲ ਨੂੰ ਨਸ਼ਟ ਕਰ ਦਿੱਤਾ ਗਿਆ ਸਬੰਧੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ । ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਇੱਕ ਮੁਹਿੰਮ ਤਹਿਤ ਪੋਸਤ ਦੀ ਕਾਸ਼ਤ ਵਾਲੇ ’ਚ ਖੇਤਾਂ ’ਚ ਬਣੀਆਂ 13 ਝੌਂਪੜੀਆਂ ਵੀ ਸਾੜ ਦਿੱਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਇਸ ਨਾਜਾਇਜ਼ ਖੇਤੀ ’ਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮਨੀਪੁਰ ਪੁਲਸ, ਜੰਗਲਾਤ ਵਿਭਾਗ ਤੇ ਅਸਾਮ ਰਾਈਫਲਸ ਦੀ ਟੀਮ ਵੱਲੋਂ ਉਖਰੁਲ ਦੇ ਲੁੰਗਚੋਂਗ ਮਾਈਫੇਈ (ਐੱਲ. ਐੱਮ.) ਥਾਣਾ ਖੇਤਰ ਦੇ ਫਾਲੀ, ਤੋਰਾ ਤੇ ਚਾਮਫੁੰਗ ਪਿੰਡਾਂ ’ਚ ਲਗਪਗ 70 ਏਕੜ ਜ਼ਮੀਨ ’ਤੇ ਪੋਸਤ ਦੀ ਫਸਲ ਨਸ਼ਟ ਕੀਤੀ ਗਈ। ਇੱਕ ਅਧਿਕਾਰਤ ਰਿਪੋਰਟ ਮੁਤਾਬਕ ਮਨੀਪੁਰ ਸਰਕਾਰ ਵੱਲੋਂ ਸਾਲ 2017 ਤੋਂ ਲੈ ਕੇ ਘੱਟੋ-ਘੱਟ 12 ਜ਼ਿਲ੍ਹਿਆਂ ਵਿੱਚ ਕੁੱਲ 19,135.6 ਏਕੜ ਰਕਬੇ ’ਚ ਪੋਸਤ ਦੀ ਫਸਲ ਨਸ਼ਟ ਕੀਤੀ ਗਈ ਹੈ ।