ਲੁਟੇਰਿਆਂ ਨੇ ਅਕਾਊਂਟਸ ਟੀਚਰ ਦੀ ਲੁੱਟ ਕਰਕੇ ਕੀਤਾ ਸਾਰਾ ਅਕਾਊਂਟ ਕਲੀਅਰ
ਲੁਧਿਆਣਾ : ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਪੈਂਦੇ ਸਲੇਮ ਟਾਬਰੀ ਦੇ ਅਧੀਨ ਆਉਂਦੇ ਐਲਡੀਕੋ ਅਸਟੇਟ ਦੇ ਬਾਹਰ ਰਾਤ ਨੂੰ ਪਿਸਤੌਲ ਦੀ ਨੋਕ ’ਤੇ 3 ਲੁਟੇਰਿਆਂ ਨੇ ਟਿਊਸ਼ਨ ਪੜ੍ਹਾ ਕੇ ਘਰ ਵਾਪਸ ਜਾ ਰਹੇ ਇਕ ਅਕਾਊਂਟਸ ਦੇ ਟੀਚਰ ’ਤੇ ਹਮਲਾ ਕਰ ਕੇ ਉਸ ਨੂੰ ਲੁੱਟ ਲਿਆ। ਇਸ ਦੌਰਾਨ ਹਮਲੇ ਦੌਰਾਨ ਟੀਚਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਪੀੜਤ ਅਕਾਊਂਟ ਟੀਚਰ ਪ੍ਰਭਦੀਪ ਸਿੰਘ ਵਾਸੀ ਜੱਸੀਆਂ-ਚੂਹੜਪੁਰ ਰੋਡ ਨੇ ਦੱਸਿਆ ਕਿ ਉਹ ਅੰਮ੍ਰਿਤ ਇੰਡੋ ਕੈਨੇਡੀਅਨ ਸਕੂਲ ’ਚ ਅਕਾਊਂਟਸ ਦਾ ਅਧਿਆਪਕ ਹੈ। ਸੋਮਵਾਰ ਦੀ ਰਾਤ ਕਰੀਬ ਸਾਢੇ 10 ਵਜੇ ਉਹ ਪਿੰਡ ਮੰਝਫੱਗੂਵਾਲ ਤੋਂ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਕੇ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਜਾ ਰਿਹਾ ਸੀ। ਜਦੋਂ ਐਲਡੀਕੋ ਅਸਟੇਟ ਨੇੜੇ ਪੁੱਜਾ ਤਾਂ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨ ਆਏ ਜਿਨ੍ਹਾਂ ’ਚੋਂ ਇਕ ਨੌਜਵਾਨ ਨੇ ਪੱਗ ਬੰਨ੍ਹੀ ਹੋਈ ਸੀ। ਤਿੰਨੋਂ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਥੱਲੇ ਡਿੱਗ ਪਿਆ ਤਾਂ ਇਕ ਨੌਜਵਾਨ ਨੇ ਉਸ ਦੇ ਮੂੰਹ ’ਚ ਪਿਸਤੌਲ ਪਾ ਦਿੱਤੀ। ਦੱਸਣਯੋਗ ਹੈ ਕਿ ਪੁਲਸ ਕਮਿਸ਼ਨਰੇਟ ਦੇ ਅਧੀਨ ਆਉਂਦੇ ਥਾਣਾ ਸਲੇਮ ਟਾਬਰੀ ਦੇ ਇਲਾਕੇ ’ਚ ਲੁਟੇਰਿਆਂ ਦੀ ਅੱਤ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਉਕਤ ਇਲਾਕੇ ’ਚ ਲੁਟੇਰਿਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਪੁਲਸ ਦਾ ਡਰ ਨਹੀਂ ਰਿਹਾ, ਜਿਸ ਕਾਰਨ ਆਏ ਦਿਨ ਉਕਤ ਇਲਾਕੇ ’ਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਪਰ ਸਲੇਮ ਟਾਬਰੀ ਪੁਲਸ ਲੁਟੇਰਿਆਂ ਦੇ ਗਿਰੇਬਾਨ ਤੱਕ ਪੁੱਜਣ ’ਚ ਅਸਫਲ ਦਿਖਾਈ ਦੇ ਰਹੀ ਹੈ।