ਥਾਣੇਦਾਰ ਦੀ ਨੂੰਹ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ
ਨਵਾਂਸ਼ਹਿਰ : ਪੰਜਾਬ ਦੇ ਸ਼ਹਿਰ ਨਵਾਂਸ਼ਹਿਰ ਵਿਖੇ ਥਾਣੇਦਾਰ ਦੀ ਨੂੰਹ ਨੂੰ ਯੂ. ਕੇ. ਭੇਜਣ ਦੇ ਨਾਮ ’ਤੇ 9.35 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖਿ਼ਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਪਰਮਜੀਤ ਸਿੰਘ ਪੁੱਤਰ ਗੁਲਜ਼ਾਰੀ ਰਾਮ ਵਾਸੀ ਪਿੰਡ ਹਾਜ਼ੀਪੁਰ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਪੁਲਸ ਵਿਭਾਗ ਵਿਚ ਬਤੌਰ ਏ. ਐੱਸ. ਆਈ. ਸੇਵਾਵਾਂ ਨਿਭਾ ਰਿਹਾ ਹੈ ਤੇ ਉਸ ਦੀ ਨੂੰਹ ਸਿਮਰਨ ਆਈਲੈਟਸ ਪਾਸ ਕਰਕੇ ਵਿਦੇਸ਼ ਜਾਣ ਦੀ ਇੱਛੁਕ ਸੀ, ਜਿਸ ਬਾਰੇ ਉਸ ਨੇ ਆਪਣੇ ਇਕ ਦੋਸਤ ਨਾਲ ਗੱਲਬਾਤ ਕੀਤੀ ਸੀ ਤੇ ਉਸ ਨੇ ਦੱਸਿਆ ਕਿ ਉਸ ਦੇ ਦੋਸਤ ਨੇ ਇਕ ਟਰੈਵਲ ਏਜੰਟ ਸ਼ਿਵਮ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਨੈਨੀਤਾਲ (ਉੱਤਰਾਖੰਡ) ਬਾਰੇ ਜਾਣਕਾਰੀ ਦਿੱਤੀ।ਉਸ ਨੇ ਦੱਸਿਆ ਕਿ ਉਕਤ ਟਰੈਵਲ ਏਜੰਟ ਵੱਲੋਂ ਉਸ ਦੀ ਨੂੰਹ ਨੂੰ ਯੂ. ਕੇ. ਭੇਜਣ ਦਾ ਸੌਦਾ 14.50 ਲੱਖ ਰੁਪਏ ਵਿਚ ਤੈਅ ਹੋਇਆ ਸੀ। ਏਜੰਟ ਦੇ ਕਹਿਣ ’ਤੇ ਉਸ ਨੇ ਕੁੱਲ੍ਹ 9,35,065 ਰੁਪਏ ਉਸ ਦੇ ਖ਼ਾਤੇ ’ਚ ਜਮ੍ਹਾ ਕਰਵਾ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਰਕਮ ਲੈਣ ਤੋਂ ਬਾਅਦ ਉਕਤ ਏਜੰਟ ਨੇ ਉਸ ਦਾ ਅਤੇ ਉਸ ਦੇ ਦੋਸਤ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਉਕਤ ਏਜੰਟ ਨੇ ਨਾ ਤਾਂ ਉਸ ਦੀ ਨੂੰਹ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ।