ਐਸ. ਡੀ. ਓ. ਨੂੰ ਆਪਣੀ ਮੌਤ ਦਾ ਜਿੰਮੇਵਾਰ ਠਹਿਰਾਉਣ ਦਾ ਸੁਸਾਇਡ ਨੋਟ ਲਿਖ ਲਾਈਨਮੈਨ ਨੇ ਕੀਤੀ ਰੇਲ ਅੱਗੇ ਛਾਲ ਮਾਰ ਖੁਦਕੁਸ਼ੀ
ਸੋਨੀਪਤ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਸੋਨੀਪਤ ਵਿਚ ਬਿਜਲੀ ਵਿਭਾਗ ਵਿਚ ਲਾਈਨਮੈਨ ਦੇ ਅਹੁਦੇ ‘ਤੇ ਤਾਇਨਾਤ ਇਕ ਕਰਮਚਾਰੀ ਨੇ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਅਜੀਤ ਰਾਠੀ ਸੋਨੀਪਤ ਦਾ ਰਹਿਣ ਵਾਲਾ ਸੀ ਅਤੇ ਪੁਲਸ ਨੇ ਉਸ ਕੋਲੋਂ ਇਕ ਨੋਟ ਵੀ ਬਰਾਮਦ ਕੀਤਾ ਹੈ, ਜਿਸ ‘ਚ ਉਸ ਨੇ ਐੱਸ.ਡੀ.ਓ ਵਿੱਕੀ ਗਹਿਲਾਵਤ ‘ਤੇ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ, ਸੋਨੀਪਤ ਪੁਲਸ ਨੇ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਸੋਨੀਪਤ ਦਾ ਰਹਿਣ ਵਾਲਾ ਅਜੀਤ ਨਾਂ ਦਾ ਨੌਜਵਾਨ ਬਿਜਲੀ ਵਿਭਾਗ ‘ਚ ਬਤੌਰ ਲਾਈਨਮੈਨ ਕੰਮ ਕਰਦਾ ਸੀ ਪਰ ਮੰਗਲਵਾਰ ਨੂੰ ਉਸ ਨੇ ਸੋਨੀਪਤ ਤੋਂ ਲੰਘ ਰਹੀ ਟਰੇਨ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੰਬੋਧਿਤ ਇੱਕ ਨੋਟ ਵੀ ਛੱਡਿਆ ਅਤੇ ਬਿਜਲੀ ਵਿਭਾਗ ਵਿੱਚ ਕੰਮ ਕਰਦੇ ਐਸਡੀਓ ਵਿੱਕੀ ਗਹਿਲਾਵਤ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਉਸ ਨੇ ਨੋਟ ‘ਚ ਲਿਖਿਆ ਕਿ ਵਿੱਕੀ ਗਹਿਲਾਵਤ ਕਾਫੀ ਸਮੇਂ ਤੋਂ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਹੁਣ ਉਹ ਇਸ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਰਿਹਾ ਹੈ।