ਬੈਂਕਾਕ ਦੇ ਮੁੱਖ ਹਵਾਈ ਅੱਡੇ ਤੋਂ ਉਡਿਆ ਛੋਟਾ ਘਰੇਲੂ ਯਾਤਰੀ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹੋਇਆ ਹਾਦਸਾਗ੍ਰਸਤ
ਬੈਂਕਾਕ : ਵਿਦੇਸ਼ੀ ਧਰਤੀ ਥਾਈਲੈਂਡ ਦੀ ਸਿਵਲ ਏਵੀਏਸ਼ਨ ਅਥਾਰਟੀ ਅਨੁਸਾਰ ਬੀਤੀ ਦੁਪਹਿਰ ਨੂੰ ਰਾਜਧਾਨੀ ਬੈਂਕਾਕ ਦੇ ਮੁੱਖ ਹਵਾਈ ਅੱਡੇ ਤੋਂ ਇੱਕ ਛੋਟਾ ਘਰੇਲੂ ਯਾਤਰੀ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੂੰ ਡਰ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ ਨੌਂ ਲੋਕ ਮਾਰੇ ਗਏ ਹਨ। ਥਾਈ ਸਥਾਨਕ ਮੀਡੀਆ ਦੇ ਅਨੁਸਾਰ, ਬਚਾਅ ਕਰਮਚਾਰੀਆਂ ਨੇ ਹਵਾਈ ਅੱਡੇ ਤੋਂ ਲਗਭਗ 40 ਕਿਲੋਮੀਟਰ (25 ਮੀਲ) ਦੂਰ ਚਾਚੋਏਂਗਸਾਓ ਪ੍ਰਾਂਤ ਵਿੱਚ ਇੱਕ ਮੈਂਗਰੋਵ ਦਲਦਲ ਵਿੱਚ ਕ੍ਰੈਸ਼ ਹੋਏ ਜਹਾਜ਼ ਦਾ ਮਲਬਾ ਲੱਭਿਆ, ਜਿਸ ਵਿੱਚ ਕੋਈ ਵੀ ਬਚਿਆ ਨਹੀਂ ਹੈ। ਮੀਡੀਆ ਮੁਤਾਬਕ ਜਹਾਜ਼ ਵਿੱਚ ਸੱਤ ਯਾਤਰੀ ਅਤੇ ਦੋ ਪਾਇਲਟ ਸਵਾਰ ਸਨ। ਸੂਬਾਈ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਕਰੀਬ ਇਕ ਘੰਟੇ ਦੀ ਤਲਾਸ਼ੀ ਤੋਂ ਬਾਅਦ ਬਚਾਅ ਕਰਮਚਾਰੀਆਂ ਨੂੰ ਦਲਦਲੀ ਵਾਲੇ ਖੇਤਰ `ਚ ਬੁਰੀ ਤਰ੍ਹਾਂ ਵਿਗੜ ਚੁੱਕੀਆਂ ਲਾਸ਼ਾਂ ਮਿਲੀਆਂ। ਜਹਾਜ਼ `ਚ ਸਵਾਰ ਲੋਕਾਂ ਦੀ ਪਛਾਣ ਤੁਰੰਤ ਸਪੱਸ਼ਟ ਨਹੀਂ ਹੋ ਸਕੀ ਹੈ। ਪਰ ਬੁਲਾਰੇ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਲੋਕਾਂ ਵਿੱਚ ਹਾਂਗਕਾਂਗ ਦੇ ਪੰਜ ਚੀਨੀ ਸੈਲਾਨੀ, ਦੋ ਥਾਈ ਮਹਿਲਾ ਚਾਲਕ ਦਲ ਦੇ ਮੈਂਬਰ ਅਤੇ ਥਾਈ ਪਾਇਲਟ ਅਤੇ ਸਹਿ-ਪਾਇਲਟ ਸ਼ਾਮਲ ਸਨ। ਬੁਲਾਰੇ ਨੇ ਦੱਸਿਆ ਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।