ਰਾਹੁਲ ਨੇ ਡੀਟੀਸੀ ਬੱਸ ’ਚ ਸਫ਼ਰ ਡਰਾਈਵਰਾਂ ਤੇ ਕੰਡਕਟਰਾਂ ਨਾਲ ਮੁਲਾਕਾਤਾ ਕਰਕੇ ਕੀਤਾ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ
ਨਵੀਂ ਦਿੱਲੀ : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀ ਬੱਸ ’ਚ ਸਫ਼ਰ ਕੀਤਾ ਅਤੇ ਇੱਥੇ ਸਰੋਜਨੀ ਨਗਰ ਬੱਸ ਡੀਪੂ ਨੇੜੇ ਡਰਾਈਵਰਾਂ, ਕੰਡਕਟਰਾਂ ਤੇ ਮਾਰਸ਼ਲਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ। ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁਕ ’ਤੇ ਪੋਸਟ ’ਚ ਰਾਹੁਲ ਗਾਂਧੀ ਨੇ ਬੱਸ ਦੇ ਸਫ਼ਰ ਅਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪੋਸਟ ਵਿੱਚ ਉਨ੍ਹਾਂ ਕਿਹਾ, ‘‘ਦਿੱਲੀ ਵਿੱੱਚ ਡਰਾਈਵਰ ਤੇ ਕੰਡਕਟਰ ਭਰਾਵਾਂ ਅਤੇ ਬੱਸ ਮਾਰਸ਼ਲਾਂ ਨਾਲ ਮੁਲਾਕਾਤ ਅਤੇ ਚਰਚਾ ਕੀਤੀ। ਇਸ ਤੋਂ ਬਾਅਦ ਡੀਟੀਸੀ ਦੀ ਬੱਸ ਵਿੱਚ ਸਫ਼ਰ ਦਾ ਅਨੰਦ ਲਿਆ। ਆਪਣੇ ਲੋਕਾਂ ਨਾਲ ਉਨ੍ਹਾਂ ਦੇ ਮੁੱਦਿਆਂ ’ਤੇ ਗੱਲਬਾਤੀ ਕੀਤੀ।’’ ਇਸੇ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਆਪਣੇ ਵੱਲੋਂ ਡੀਟੀਸੀ ਮੁਲਾਜ਼ਮਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਿਅੰਕਾ ਨੇ ਪੋਸਟ ’ਚ ਲਿਖਿਆ, ‘‘ਹਜ਼ਾਰਾਂ ਬੱਸਾਂ ਨਾਲ ਟਰਾਂਸਪੋਰਟ ਕਾਰਪੋਰੇਸ਼ਨ ਚਲਾਉਣ ਵਾਲੇ ਡਰਾਈਵਰ, ਕੰਡਕਟਰ ਤੇ ਮਾਰਸ਼ਲ ਆਪਣਾ ਪਰਿਵਾਰ ਕਿਵੇਂ ਚਲਾਉਂਦੇ ਹਨ? ਮਹਿੰਗਾਈ, ਬੱਚਿਆਂ ਦੀ ਵਧਦੀਆਂ ਫ਼ੀਸਾਂ, ਤਨਖ਼ਾਹ ਤੇ ਪੈਨਸ਼ਨ ਦੇ ਤਣਾਅ ਦੌਰਾਨ ਉਹ ਆਪਣਾ ਗੁਜ਼ਾਰਾ ਕਿਵੇਂ ਕਰਦੇ ਹਨ? ਉਨ੍ਹਾਂ ਕਿਹਾ, ‘‘ਦੇਸ਼ ’ਚ ਕਰੋੜਾਂ ਅਜਿਹੀਆਂ ਅਵਾਜ਼ਾਂ (ਲੋਕ) ਹਨ, ਜੋ ਡਰਾਉਣੀ ਆਰਥਿਕ ਅਸੁਰੱਖਿਆ ’ਚ ਜਿਊਣ ਲਈ ਮਜਬੂਰ ਹਨ।ਉਨ੍ਹਾਂ ਦੇ ‘ਮਨ ਕੀ ਬਾਤ’ ਸੁਣਨੀ ਅਹਿਮ ਗੱਲ ਹੈ। ਰਾਹੁਲ ਗਾਂਧੀ ਲਗਾਤਾਰ ਉਨ੍ਹਾਂ ਦੀ ਆਵਾਜ਼ ਸੁਣ ਰਹੇ ਹਨ ਅਤੇ ਉਨ੍ਹਾਂ ਵਾਸਤੇ ਨਿਆਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।’’ ਪ੍ਰਿਅੰਕਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਅੱਜ ਡੀਟੀਸੀ ਦੀ ਬੱਸ ਵਿੱਚ ਸਫ਼ਰ ਕੀਤਾ ਅਤੇ ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਮਾਰਸ਼ਲਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ।