ਸੱਤਾਧਾਰੀ ਪਾਰਟੀ ਦੇ ਅਡਾਨੀ ਮਾਮਲੇ ’ਤੇ ਚਰਚਾ ਕਰਨ ਤੋਂ ਡਰਨ ਦੇ ਚਲਦਿਆਂ ਲੋਕ ਸਭਾ ਦੀ ਕਾਰਵਾਈ ਅੱਗੇ ਨਹੀਂ ਵਧਣ ਦੇਣਾ ਚਾਹੁੰਦੀ : ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ : ਭਾਰਤ ਦੀ ਇਤਿਹਾਸਕ ਸਿਆਸੀ ਪਾਰਟੀ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਅਡਾਨੀ ਮਾਮਲੇ ’ਤੇ ਚਰਚਾ ਕਰਨ ਤੋਂ ਡਰਦੀ ਹੈ, ਇਸੇ ਕਰਕੇ ਉਹ ਲੋਕ ਸਭਾ ਦੀ ਕਾਰਵਾਈ ਅੱਗੇ ਨਹੀਂ ਵਧਣ ਦੇਣਾ ਚਾਹੁੰਦੀ । ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਅਡਾਨੀ ਮੁੱਦੇ ਤੋਂ ਧਿਆਨ ਹਟਾਉਣ ਲਈ ਕਾਂਗਰਸ ਲੀਡਰਸ਼ਿਪ ’ਤੇ ਜੌਰਜ ਸੋਰੋਸ ਨਾਲ ਮਿਲੀਭੁਗਤ ਦਾ ਦੋਸ਼ ਲਗਾ ਰਹੀ ਹੈ । ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਹੋਣ ਤੋਂ ਬਾਅਦ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਜਾਂ ਤਾਂ ਸਰਕਾਰ ਸਦਨ ਚਲਾਉਣਾ ਨਹੀਂ ਚਾਹੁੰਦੀ ਜਾਂ ਉਹ ਸਦਨ ਚਲਾਉਣ ਦੇ ਕਾਬਲ ਨਹੀਂ ਹੈ । ਸਾਡੇ ਵਿਰੋਧ ਪ੍ਰਦਰਸ਼ਨ ਸਵੇਰੇ 10:30 ਤੋਂ 11 ਵਜੇ ਤੱਕ ਹੁੰਦੇ ਹਨ ਅਤੇ ਬਾਅਦ ਵਿੱਚ ਅਸੀਂ ਕੰਮ ਲਈ ਸਦਨ ਦੇ ਅੰਦਰ ਚਲੇ ਜਾਂਦੇ ਹਾਂ ਪਰ ਉਥੇ ਕੋਈ ਕੰਮ ਨਹੀਂ ਹੋ ਰਿਹਾ । ਉਨ੍ਹਾਂ ਕਿਹਾ ਕਿ ਜਿਵੇਂ ਹੀ ਅਸੀਂ ਬੈਠਦੇ ਹਾਂ, ਉਹ ਸਦਨ ਮੁਲਤਵੀ ਕਰਵਾਉਣ ਲਈ ਕੁਝ ਨਾ ਕੁਝ ਕਰਨਾ ਸ਼ੁਰੂ ਕਰ ਦਿੰਦੇ ਹਨ। ਮੈਨੂੰ ਲੱਗਦਾ ਹੈ ਕਿ ਇਹ ਹੀ ਉਨ੍ਹਾਂ ਦੀ ਰਣਨੀਤੀ ਹੈ, ਉਹ ਚਰਚਾ ਨਹੀਂ ਕਰਨੀ ਚਾਹੁੰਦੇ । ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਡਾਨੀ ਮੁੱਦੇ ’ਤੇ ਚਰਚਾ ਕਰਨ ਤੋਂ ਡਰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਇਸ ਰਾਹੀਂ ਉਸ ਦੇ ਸਾਰੇ ਭੇਤ ਖੁੱਲ੍ਹ ਜਾਣਗੇ । ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ । ਮੈਂ ਸਦਨ ਵਿੱਚ ਨਵੀਂ ਹਾਂ। ਪ੍ਰਧਾਨ ਮੰਤਰੀ ਸੰਸਦ ਵਿੱਚ ਆਏ ਵੀ ਨਹੀਂ।’ ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਲੱਗੇ ਦੋਸ਼ਾਂ ਦੇ ਮੱਦੇਨਜ਼ਰ ਅਡਾਨੀ ਮੁੱਦਾ ਉਠਾਉਣਾ ਅਹਿਮ ਹੈ । ਵਿਰੋਧੀ ਧਿਰ ਦੇ ਆਗੂਆਂ ਦੀ ਜੌਰਜ ਸੋਰੋਸ ਨਾਲ ਮਿਲੀਭੁਗਤ ਹੋਣ ਦੇ ਭਾਜਪਾ ਵੱਲੋਂ ਲਾਏ ਗਏ ਦੋਸ਼ਾਂ ’ਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹਾਸੋਹੀਣੀ ਗੱਲ ਹੈ । ਕਿਸੇ ਕੋਲ ਇਸ ਦਾ ਰਿਕਾਰਡ ਨਹੀਂ ਹੈ। ਕਿਸੇ ਨੂੰ ਨਹੀਂ ਪਤਾ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ। ਉਹ ਸਿਰਫ ਅਡਾਨੀ ਬਾਰੇ ਚਰਚਾ ਨਾ ਕਰਨ ਲਈ ਅਜਿਹੇ ਦੋਸ਼ ਲਾ ਰਹੇ ਹਨ ।