ਕਾਂਗਰਸ ਸੰਸਥਾਵਾਂ ਦੀ ਆਜ਼ਾਦੀ ਤੇ ਖ਼ੁਦਮੁਖਤਿਆਰੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਇਸ ਨੇ ਹਮੇਸ਼ਾ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ : ਰਾਜਨਾਥ ਸਿੰਘ
ਨਵੀਂ ਦਿੱਲੀ : ਸੀਨੀਅਰ ਭਾਜਪਾ ਆਗੂ ਰਾਜਨਾਥ ਸਿੰਘ ਨੇ ਸਪੱਸ਼ਟ ਆਖਿਆ ਹੈ ਕਿ ਕਾਂਗਰਸ ਸੰਸਥਾਵਾਂ ਦੀ ਆਜ਼ਾਦੀ ਤੇ ਖ਼ੁਦਮੁਖਤਿਆਰੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਇਸ ਨੇ ਹਮੇਸ਼ਾ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਰੱਖਿਆ ਮੰਤਰੀ ਨੇ ਲੋਕ ਸਭਾ ਵਿਚ ‘ਭਾਰਤ ਦੇ ਸੰਵਿਧਾਨ ਦੇ 75 ਸਾਲਾਂ ਦੇ ਸ਼ਾਨਾਮੱਤੀ ਸਫ਼ਰ’ ਉੱਤੇ ਦੋ ਰੋਜ਼ਾ ਬਹਿਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸੰਵਿਧਾਨ ਬਣਾਉਣ ਵਿਚ ਕਈ ਆਗੂਆਂ ਦੇ ਯੋਗਦਾਨ ਨੂੰ ਗਿਣਮਿੱਥ ਕੇ ਨਜ਼ਰਅੰਦਾਜ਼ ਕੀਤਾ ਗਿਆ । ਉਨ੍ਹਾਂ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਜ਼ੋਰ ਦੇ ਕੇ ਆਖਿਆ ਕਿ ‘ਇਕ ਵਿਸ਼ੇਸ਼ ਪਾਰਟੀ’ ਨੇ ਸੰਵਿਧਾਨ ਦੀ ਘਾੜਨਾ ਨੂੰ ਹਮੇਸ਼ਾ ‘ਅਗਵਾ ਤੇ ਵਰਤਣ’ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਸਦਨ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਕਈ ਮੌਕਿਆਂ ਉੱਤੇ ਸੰਵਿਧਾਨ ਅਤੇ ਇਸ ਦੇ ਵਿਚਾਰ ਦਾ ਨਿਰਾਦਰ ਕੀਤਾ । ਇਹ ਸੰਸਥਾਵਾਂ ਦੀ ਆਜ਼ਾਦੀ ਤੇ ਖ਼ੁਦਮੁਖਤਿਆਰੀ ਬਰਦਾਸ਼ਤ ਨਹੀਂ ਕਰ ਸਕਦੀ, ਇਸ ਨੇ ਹਮੇਸ਼ਾ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਰਾਖੀ ਦੀ ਗੱਲ ਉਨ੍ਹਾਂ ਦੇ ਮੂੰਹ ਤੋਂ ਨਹੀਂ ਜਚਦੀ । ਇਨ੍ਹੀਂ ਦਿਨੀਂ ਮੈੈਂ ਦੇਖਦਾ ਹਾਂ ਕਿ ਵਿਰੋਧੀ ਧਿਰਾਂ ਦੇ ਆਗੂ ਸੰਵਿਧਾਨ ਆਪਣੀਆਂ ਜੇਬ੍ਹਾਂ ਵਿਚ ਪਾਈ ਫਿਰਦੇ ਹਨ। ਅਸਲ ਵਿਚ ਉਨ੍ਹਾਂ ਨੇ ਬਚਪਨ ਤੋਂ ਇਹੀ ਸਿੱਖਿਆ ਹੈ, ਉਨ੍ਹਾਂ ਆਪਣੇ ਪਰਿਵਾਰਾਂ ਨੂੰ ਪੀੜ੍ਹੀਆਂ ਤੋਂ ਸੰਵਿਧਾਨ ਨੂੰ ਆਪਣੀਆਂ ਜੇਬ੍ਹਾਂ ਵਿਚ ਪਾਈ ਫਿਰਦੇ ਦੇਖਿਆ ਹੈ। ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਆਖਿਆ ਭਾਜਪਾ ਨੇ ਹਮੇਸ਼ਾ ਸੰਵਿਧਾਨ ਅੱਗੇ ਸਿਰ ਝੁਕਾਇਆ ਹੈ ਤੇ ਕਦੇ ਵੀ ਸੰਸਥਾਵਾਂ ਦੀ ਆਜ਼ਾਦੀ ਤੇ ਖ਼ੁਦਮੁਖਤਿਆਰੀ ਨਾਲ ਨਹੀਂ ਖੇਡੀ। ਉਨ੍ਹਾਂ ਕਿਹਾ ਕਿ ਸੰਵਿਧਾਨ ਧਾਰਮਿਕ ਆਜ਼ਾਦੀ ਦੀ ਗੱਲ ਕਰਦਾ ਹੈ ਤੇ ਇਹ ਨਿਰਧਾਰਤ ਕੀਤਾ ਗਿਆ ਸੀ ਕਿ ਰਾਜ ਦਾ ਕੋਈ ਧਰਮ ਨਹੀਂ ਹੋਵੇਗਾ ਪਰ ਇਹ ਧਰਮ ਨਿਰਪੱਖ ਹੋਵੇਗਾ। ਸਿੰਘ ਨੇ ਕਿਹਾ ਕਿ ਸੰਵਿਧਾਨ ਲੋਕਾਂ ਦੀ ਸਾਧਾਰਨ ਇੱਛਾ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਸਮਾਜਿਕ, ਆਰਥਿਕ, ਸਿਆਸੀ, ਸਭਿਆਚਾਰਕ ਜੀਵਨ ਦੀ ਗੱਲ ਕਰਦਾ ਹੈ ਤੇ ਰਾਸ਼ਟਰ ਨਿਰਮਾਣ ਦਾ ਰਾਹ ਦਿਖਾਉਂਦਾ ਹੈ।