ਐੱਸ. ਪੀ. ਜੀ. ਨਾਲ ਸਬੰਧਤ ਤਿੰਨ ਵਿਸ਼ੇਸ਼ ਵਾਹਨਾਂ ਦੀ ਰਜਿਸਟਰੇਸ਼ਨ ਪੰਜ ਸਾਲ ਤੱਕ ਵਧੀ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ. ਪੀ. ਜੀ.) ਨਾਲ ਸਬੰਧਤ ਤਿੰਨ ਖਾਸ ਬਖ਼ਤਰਬੰਦ ਡੀਜ਼ਲ ਵਾਹਨਾਂ ਦੀ ਰਜਿਸਟਰੇਸ਼ਨ ਮਿਆਦ ’ਚ ਪੰਜ ਸਾਲ ਦਾ ਵਾਧਾ ਕਰ ਦਿੱਤਾ ਹੈ। ਜਸਟਿਸ ਅਭੈ ਐੱਸ. ਓਕਾ ਅਤੇ ਮਨਮੋਹਨ ’ਤੇ ਆਧਾਰਤ ਬੈਂਚ ਨੇ ਐੱਸ. ਪੀ. ਜੀ. ਵੱਲੋਂ ਦਾਖ਼ਲ ਅਰਜ਼ੀ ’ਤੇ ਸੁਣਵਾਈ ਕਰਦਿਆਂ ਇਹ ਨਿਰਦੇਸ਼ ਦਿੱਤੇ। ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵੱਲੋਂ ਇਕ ਦਹਾਕਾ ਪੁਰਾਣੇ ਵਾਹਨਾਂ ਦੀ ਰਜਿਸਟਰੇਸ਼ਨ ਵਧਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤੇ ਜਾਣ ਦੇ ਫ਼ੈਸਲੇ ਨੂੰ ਐੱਸ. ਪੀ. ਜੀ. ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵਾਹਨਾਂ ਦੀ ਅਹਿਮੀਅਤ ਦਾ ਹਵਾਲਾ ਦਿੰਦਿਆਂ ਰਜਿਸਟਰੇਸ਼ਨ ’ਚ ਵਾਧੇ ਦੀ ਮੰਗ ਕੀਤੀ, ਜਿਸ ਮਗਰੋਂ ਬੈਂਚ ਨੇ ਐੱਸ. ਪੀ. ਜੀ. ਨੂੰ ਛੋਟ ਦੇ ਦਿੱਤੀ। ਮਹਿਤਾ ਨੇ ਕਿਹਾ ਕਿ ਅਜਿਹੇ ਵਾਹਨ ਐੱਸਪੀਜੀ ਲਈ ਤਕਨੀਕੀ ਤੌਰ ’ਤੇ ਜ਼ਰੂਰੀ ਹਨ।