ਅਸੀਂ ਦੇਖ ਰਹੇ ਹਾਂ ਕਿ ਬਾਹਰ ਘੱਟ ਗਿਣਤੀਆਂ ਨੂੰ ਕਿਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਪੈ ਰਿਹਾ ਹੈ: ਭਾਗਵਤ
ਪੁਣੇ : ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਮੁਖੀ ਮੋਹਨ ਭਾਗਵਤ ਨੇ ਆਖਿਆ ਕਿ ਭਾਰਤ ਨੂੰ ਅਕਸਰ ਘੱਟ ਗਿਣਤੀਆਂ ਦੇ ਮੁੱਦੇ ਹੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਹੁਣ ਅਸੀਂ ਦੇਖ ਰਹੇ ਹਾਂ ਹੋਰ ਮੁਲਕਾਂ ’ਚ ਘੱਟਗਿਣਤੀ ਭਾਈਚਾਰਿਆਂ ਨੂੰ ਕਿਹੋ ਜਿਹੇ ਹਲਾਤ ਦਰਪੇਸ਼ ਹਨ। ਇੱਥੇ ‘ਹਿੰਦੂ ਸੇਵਾ ਮਹੋਤਸਵ’ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਆਖਿਆ ਕਿ ਇਹ ਕਿਹਾ ਜਾਂਦਾ ਹੈ ਕਿ ਆਲਮੀ ਸ਼ਾਂਤੀ ਦੀ ਗੱਲ ਕਰਕੇ ਸਰਦਾਰੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਭਾਗਵਤ ਨੇ ਕਿਹਾ ਕਿ ਆਲਮੀ ਸ਼ਾਂਤੀ ਬਾਰੇ ਵੱਡੇ-ਵੱਡੇ ਦਮਗਜ਼ੇ ਮਾਰੇ ਜਾਂਦੇ ਹਨ। ਸਾਨੂੰ (ਭਾਰਤ ਨੂੰ) ਵੀ ਵਿਸ਼ਵ ਸ਼ਾਂਤੀ ਬਾਰੇ ਸਲਾਹ ਦਿੱਤੀ ਜਾ ਰਹੀ ਹੈ ਪਰ ਮੌਜੂਦਾ ਸਮੇਂ ਜੰਗਾਂ ਵੀ ਨਹੀਂ ਰੁਕ ਰਹੀਆਂ। ਸਾਨੂੰ ਅਕਸਰ ਆਪਣੇ ਮੁਲਕ ਵਿੱਚ ਘੱਟ ਗਿਣਤੀਆਂ ਬਾਰੇ ਫਿਕਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਦਕਿ ਅਸੀਂ ਦੇਖ ਰਹੇ ਹਾਂ ਕਿ ਬਾਹਰ ਘੱਟ ਗਿਣਤੀਆਂ ਨੂੰ ਕਿਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਹਾਲਾਂਕਿ ਆਰ. ਐੱਸ. ਐੱਸ. ਮੁਖੀ ਨੇ ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਖਿ਼ਲਾਫ਼ ਹਿੰਸਾ ਦਾ ਜਿ਼ਕਰ ਨਹੀਂ ਕੀਤਾ ਪਰ ਆਰ. ਐੱਸ. ਐੱਸ. ਨੇ ਸ਼ੇਖ ਹਸੀਨਾ ਦੇ ਸੱਤਾ ਤੋਂ ਹਟਣ ਮਗਰੋਂ ਹਾਲੀਆ ਹਫ਼ਤਿਆਂ ਦੌਰਾਨ ਬੰਗਲਾਦੇਸ਼ ’ਚ ਹਿੰਦੂਆਂ ਦੀ ਸਥਿਤੀ ’ਤੇ ਚਿੰਤਾ ਜਤਾਈ ਹੈ। ਭਾਗਵਤ ਨੇ ਕਿਹਾ ਕਿ ਮਨੱਖਤਾ ਦਾ ਧਰਮ ਸਭ ਧਰਮਾਂ ਦਾ ਸਦੀਵੀ ਧਰਮ ਹੈ, ਜੋ ਆਲਮੀ ਧਰਮ ਹੈ। ਇਸ ਨੂੰ ਹਿੰਦੂ ਧਰਮ ਵੀ ਕਿਹਾ ਜਾਂਦਾ ਹੈ। ਹਾਲਾਂਕਿ ਦੁਨੀਆ ਇਸ ਧਰਮ ਨੂੰ ਭੁੱਲ ਗਈ ਹੈ। ਉਨ੍ਹਾਂ ਦਾ ਧਰਮ ਇੱਕ ਹੈ ਪਰ ਉਹ ਭੁੱਲ ਗਏ ਹਨ ਅਤੇ ਉਸ ਕਾਰਨ ਅੱਜ ਅਸੀਂ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਸਣੇ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਦੇਖ ਰਹੇ ਹਾਂ ।