ਨਰੇਸ਼ ਬਾਲਿਆਨ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ 15 ਨੂੰ ਤੇ ਨਿਆਂਇਕ ਹਿਰਾਸਤ 1 ਫਰਵਰੀ ਤੱਕ ਵਧਾਈ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਇੱਕ ਅਦਾਲਤ ਨੇ ਸਖ਼ਤ ਮਕੋਕਾ ਕਾਨੂੰਨ ਤਹਿਤ ਦਰਜ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉੱਤਮ ਨਗਰ ਤੋਂ ਵਿਧਾਇਕ ਨਰੇਸ਼ ਬਾਲਿਆਨ ਦੀ ਜ਼ਮਾਨਤ ਅਰਜ਼ੀ ’ਤੇ 15 ਜਨਵਰੀ ਨੂੰ ਫੈਸਲਾ ਸੁਣਾਏਗੀ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਅੱਜ ਇਸ ਮਾਮਲੇ ’ਤੇ ਸੁਣਵਾਈ ਕਰਦਿਆਂ ਬਲਿਆਨ ਦੀ ਨਿਆਂਇਕ ਹਿਰਾਸਤ 1 ਫਰਵਰੀ ਤੱਕ ਵਧਾ ਦਿੱਤੀ ਹੈ। ਨਿਆਂਇਕ ਹਿਰਾਸਤ ਪੂਰੀ ਹੋਣ ਬਾਅਦ ਬਾਲਿਆਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜੱਜ ਨੇ ਬਚਾਅ ਪੱਖ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ। ਬਲਿਆਨ ਦੀ 4 ਦਸੰਬਰ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਮਾਮਲੇ ਵਿੱਚ ਚਾਰਜਸ਼ੀਟ ’ਤੇ ਬਹਿਸ ਲਈ 22 ਜਨਵਰੀ ਦੀ ਤਰੀਕ ਤੈਅ ਕੀਤੀ ਗਈ ਹੈ।