ਗੁਰਲਾਲ ਘਨੌਰ ਦੇ ਨਜ਼ਦੀਕੀਆਂ ਨੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੁੱਕੀਆਂ : ਗੁਰਸੇਵਕ ਸਿੰਘ ਅੰਟਾਲ

ਗੁਰਲਾਲ ਘਨੌਰ ਦੇ ਨਜ਼ਦੀਕੀਆਂ ਨੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੁੱਕੀਆਂ : ਗੁਰਸੇਵਕ ਸਿੰਘ ਅੰਟਾਲ

ਪਟਿਆਲਾ, 25 ਮਾਰਚ : ਘਨੌਰ ਹਲਕੇ ਤੋਂ ਏਕਮ ਨਾਂ ਦੀ ਸਮਾਜ ਸੇਵੀ ਸੰਸਥਾ ਦੇ ਮੁੱਖ ਸੇਵਾਦਾਰ ਗੁਰਸੇਵਕ ਸਿੰਘ ਅੰਟਾਲ ਨੇ ਦੋਸ਼ ਲਗਾਇਆ ਹੈ ਕਿ ਘਨੌਰ ਹਲਕੇ ਤੋਂ ਵਿਧਾਇਕ ਗੁਰਲਾਲ ਘਨੌਰ ਦੇ ਨਜ਼ਦੀਕੀਆਂ ਨੇ ਹੀ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਚੁੱਕਿਆ ਹੈ ਤੇ ਵਿਧਾਇਕ ਦੇ ਦਬਾਅ ਹੇਠ ਪੁਲਿਸ ਨੇ ਇਹਨਾਂ ਚੋਰਾਂ ਖਿਲਾਫ ਨਰਮ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਹਨ ।

ਜਿਵੇਂ ਸਾਡੇ ਖਿਲਾਫ ਸਖ਼ਤ ਧਾਰਾਵਾਂ ਲਾਈਆਂ ਗੁਰਲਾਲ ਦੇ ਕਰੀਬੀਆਂ ’ਤੇ ਵੀ ਸਖ਼ਤ ਧਾਰਾਵਾਂ ਲਗਾਈਆਂ ਜਾਣ

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਸੇਵਕ ਸਿੰਘ ਅੰਟਾਲ, ਉਹਨਾਂ ਦੇ ਸਾਥੀ ਲਵਪ੍ਰੀਤ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਮੋਰਚਾ ਖ਼ਤਮ ਕਰਵਾਉਣ ਤੋਂ ਬਾਅਦ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਚੋਰੀ ਹੋਇਆ । ਉਹਨਾਂ ਕਿਹਾ ਕਿ ਸ਼ੁਰੂਆਤੀ ਦੌਰ ਵਿਚ ਵੀਡੀਓ ਵਾਇਰਲ ਹੋਈਆਂ ਕਿ ਇਹ ਟਰਾਲੀਆਂ ਗੁਰਲਾਲ ਘਨੌਰ ਦੇ ਘਰ ਤੋਂ ਬਰਾਮਦ ਹੋਈਆਂ ਹਨ ਪਰ ਬਾਅਦ ਵਿਚ ਵਿਧਾਇਕ ਗੁਰਲਾਲ ਘਨੌਰ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇਹਨਾਂ ਵੀਡੀਓਜ਼ ਦਾ ਖੰਡਨ ਕੀਤਾ ।

10 ਦਿਨਾਂ ਵਿਚ ਸਖ਼ਤ ਐਕਸ਼ਨ ਨਾ ਹੋਇਆ ਤਾਂ ਅਸੀਂ ਡੀ ਸੀ ਦਫਤਰ ਬਾਹਰ ਮਰਨ ਵਰਤ ਰੱਖਾਂਗੇ

ਉਹਨਾਂ ਕਿਹਾ ਕਿ ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿਚ ਜਿਹਨਾਂ ਖਿਲਾਫ ਕੇਸ ਦਰਜ ਕੀਤੇ, ਉਹ ਲੋਕ ਵਿਧਾਇਕ ਦੇ ਬੇਹੱਦ ਕਰੀਬੀ ਹਨ ਜਿਹਨਾਂ ’ਤੇ ਨਰਮ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਗਿਆ ਤਾਂ ਜੋ ਇਹਨਾਂ ਦੀ ਜਾਂ ਤਾਂ ਗ੍ਰਿਫਤਾਰੀ ਹੀ ਨਾ ਹੋਵੇ ਜਾਂ ਫਿਰ ਗ੍ਰਿਫਤਾਰੀ ਮਗਰੋਂ ਤੁਰੰਤ ਜ਼ਮਾਨਤਾਂ ਹੋ ਜਾਣ। ਉਹਨਾਂ ਕਿਹਾ ਕਿ ਦੂਜੇ ਪਾਸੇ ਸਾਡੇ ਖਿਲਾਫ 2022 ਵਿਚ ਦਰਜ ਕਹੀ ਚੋਰੀ ਦੇ ਕੇਸ ਵਿਚ ਅਜਿਹੀਆਂ ਧਾਰਾਵਾਂ ਲਗਾਈਆਂ ਗਈਆਂ ਸਨ ਕਿ ਜ਼ਮਾਨਤਾਂ ਨਾ ਹੋ ਸਕਣ ਪਰ ਸਾਡੇ ਸੱਚੇ ਹੋਣ ਕਾਰਣ ਸਾਡੀਆਂ ਜ਼ਮਾਨਤਾਂ ਹੋ ਗਈਆਂ । ਉਹਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਾਮਲੇ ਵਿਚ ਦੋਸ਼ੀਆਂ ਖਿਲਾਫ ਸਖ਼ਤ ਧਾਰਾਵਾਂ ਨਾ ਲਗਾਈਆਂ ਤਾਂ ਅਸੀਂ 10 ਦਿਨਾਂ ਮਗਰੋਂ ਡੀ ਸੀ ਦਫਤਰ ਦੇ ਬਾਹਰ ਮਰਨ ਵਰਤ ਰੱਖਾਂਗੇ ।
ਵਾਰ-ਵਾਰ ਸੰਪਰਕ ਕਰਨ ’ਤੇ ਵੀ ਵਿਧਾਇਕ ਗੁਰਲਾਲ ਘਨੌਰ ਨੇ ਨਹੀਂ ਚੁੱਕਿਆ ਫੋਨ
ਇਸ ਮਾਮਲੇ ਵਿਚ ਪੱਖ ਲੈਣ ਲਈ ਵਿਧਾਇਕ ਗੁਰਲਾਲ ਘਨੌਰ ਨਾਲ ਪਟਿਆਲਾ ਮੀਡੀਆ ਕਲੱਬ ਦੀ ਟੀਮ ਨੇ ਵਾਰ-ਵਾਰ ਸੰਪਰਕ ਕੀਤਾ ਪਰ ਉਹਨਾਂ ਫੋਨ ਨਹੀਂ ਚੁੱਕਿਆ।

Leave a Comment

Your email address will not be published. Required fields are marked *

Scroll to Top