ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ
ਸੰਗਰੂਰ, 8 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਆਰੰਭੀ ਮੁਹਿੰਮ ਲੋੜਵੰਦ ਪਰਿਵਾਰਾਂ ਲਈ ਵਿੱਤੀ ਮਜ਼ਬੂਤੀ ਦਾ ਅਹਿਮ ਜਰੀਆ ਸਾਬਤ ਹੋ ਰਹੀ ਹੈ। ਇਹ ਪ੍ਰਗਟਾਵਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਵਿਧਾਨ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਪਰਿਵਾਰਾਂ ਦੇ 10 ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪਣ ਸਮੇਂ ਕੀਤਾ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਦੀਵੀ ਵਿਛੋੜਾ ਦੇਣ ਵਾਲਿਆਂ ਦੀ ਕਮੀ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਪੀੜਤ ਪਰਿਵਾਰਾਂ ਦੀ ਪੀੜ ਨੂੰ ਦਿਲੋਂ ਮਹਿਸੂਸ ਕੀਤਾ ਅਤੇ ਇਨ੍ਹਾਂ ਦਾ ਦੁੱਖ ਦੀ ਇਸ ਘੜੀ ਵਿੱਚ ਸਾਥ ਦਿੰਦੇ ਹੋਏ ਮਦਦ ਲਈ ਹੱਥ ਅੱਗੇ ਵਧਾਇਆ ਹੈ ਜਿਸ ਨਾਲ ਪੀੜਤ ਪਰਿਵਾਰ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਇਸ ਮੌਕੇ ਵਿਧਾਇਕ ਨੇ ਸਬ ਡਵੀਜ਼ਨ ਸੰਗਰੂਰ ਅਧੀਨ ਆਉਂਦੇ 4 ਅਤੇ ਸਬ ਡਵੀਜ਼ਨ ਭਵਾਨੀਗੜ੍ਹ ਅਧੀਨ ਆਉਂਦੇ 6 ਪੀੜਤ ਪਰਿਵਾਰਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਸਰਕਾਰ ਦੀ ਤਰਫੋਂ ਦਰਜਾ 4 ਆਸਾਮੀ ਦੇ ਨਿਯੁਕਤੀ ਪੱਤਰ ਸੌਂਪੇ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਨਿਭਾਉਣ ਦਾ ਸੱਦਾ ਦਿੱਤਾ। ਇਸ ਮੌਕੇ ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ ਤੇ ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ ਦੇ ਨਾਲ ਨਾਲ ਪਾਰਟੀ ਦੇ ਹੋਰ ਵਰਕਰ ਤੇ ਆਗੂ ਵੀ ਮੌਜੂਦ ਸਨ।