ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਕੌਮਾਂਤਰੀ ਏਅਰਪੋਰਟ ‘ਤੇ ਪੰਜਾਬ ਸਰਕਾਰ ਦੇ ਹੈਲਪ ਸੈਂਟਰ ਦਾ ਕੀਤਾ ਉਦਘਾਟਨ
ਨਵੀਂ ਦਿੱਲੀ, 8 ਅਗਸਤ : ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ‘ਤੇ ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆਉਣ ਜਾਣ ਵਾਲੇ ਪੰਜਾਬੀਆਂ ਦੀ ਸਹੂਲਤ ਦੇ ਲਈ ਇੱਕ ਵੱਡਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਏਅਰਪੋਰਟ ਦੇ ਅਰਾਈਵਲ ਕਾਊਂਟਰ ਤੇ ਪੰਜਾਬ ਸਰਕਾਰ ਵੱਲੋਂ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਏਅਰਪੋਰਟ ਤੇ ਆਪ ਪਹੁੰਚ ਕੇ ਇਸ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਉਣ ਜਾਣ ਵਾਲੇ ਪੰਜਾਬੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਜੇਕਰ ਕਰਨਾ ਪੈਂਦਾ ਹੈ ਤਾਂ ਉਹ ਬੇਝਿਜਕ ਹੋ ਕੇ ਇਸ ਹੈਲਪ ਡੈਸਕ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਹੈਲਪ ਡੈਸਕ ਦੁਆਰਾ ਕਿਸੇ ਵੀ ਮੁਸ਼ਕਲ ਵਿੱਚ ਫਸੇ ਪੰਜਾਬੀ ਦੀ ਪੂਰੀ ਮਦਦ ਕੀਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਨੇ ਹੈਲਪ ਡੈਸਕ ਦਾ ਨੰਬਰ ਵੀ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਇਸ ਹੈਲਪ ਡੈਸਕ ਨੂੰ ਕੰਪਿਊਟਰ ਵਰਗੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ। ਏਅਰਲਾਈਨਜ ਨਾਲ ਸਮਾਨ ਸਬੰਧੀ ਕੋਈ ਦਿੱਕਤ ਹੋਵੇ ਜਾਂ ਹੋਟਲ ਨੂੰ ਲੈ ਕੇ ਕੋਈ ਦਿੱਕਤ ਹੋਵੇ ਇਸ ਹੈਲਪ ਡੈਸਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਥੇ ਦੋ ਗੱਡੀਆਂ ਵੀ ਤੈਨਾਤ ਰਹਿਣਗੀਆਂ ਜੋ ਕਿ ਕਿਸੇ ਵੀ ਮੁਸ਼ਕਿਲ ਸਥਿਤੀ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਯਾਤਰੀਆਂ ਨੂੰ ਹੋਟਲ ਛੱਡ ਕੇ ਆਉਣ ਦੀ ਸੁਵਿਧਾ ਪ੍ਰਦਾਨ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਪੰਜਾਬ ਨੂੰ ਜਾਣ ਵਾਲੇ ਆਵਾਜਾਈ ਸਾਧਨਾ ਬਾਰੇ ਵੀ ਜਾਣਕਾਰੀ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਯਾਤਰੀਆਂ ਦੀ ਹਰ ਮੁਸ਼ਕਿਲ ਚ ਸਹਾਇਤਾ ਕੀਤੀ ਜਾਵੇਗੀ ਤਾਂ ਜੋ ਉਹਨਾਂ ਦਾ ਆਰਥਿਕ ਸ਼ੋਸ਼ਣ ਨਾ ਹੋ ਸਕੇ ਵਿਨੇਸ਼ ਫੋਗਾਟ ਬਾਰੇ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸਾਡੇ ਲਈ ਚੈਂਪੀਅਨ ਹੈ ਉਸ ਦੀ ਕੋਈ ਗਲਤੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਜੋ ਵੀ ਜਿੰਮੇਵਾਰ ਹੈ ਉਸ ਦੀ ਜਾਂਚ ਕੀਤੀ ਜਾਵੇ।