ਪਿੰਡ ਰਮਕਾਲਵਾਂ ਵਿੱਚ ਮੁੜ ਦਿਖੇ ਸ਼ੱਕੀ ਵਿਅਕਤੀ
ਪਠਾਨਕੋਟ : ਪਿੰਡ ਰਮਕਾਲਵਾਂ ਵਿੱਚ ਇੱਕ ਵਾਰ ਮੁੜ ਸ਼ੱਕੀ ਵਿਅਕਤੀ ਦੇਖੇ ਗਏ ਹਨ। ਖ਼ਬਰ ਮਿਲਦੇ ਹੀ ਕਮਾਂਡੋ ਫੋਰਸ ਦੇ ਨਾਲ ਪੰਜਾਬ ਪੁਲੀਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐੱਸ ਐੱਸ ਪੀ ਗੁਰਦਾਸਪੁਰ ਵੀ ਪੁਲੀਸ ਫੋਰਸ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪਿੰਡ ਵਾਸੀ ਨੌਜਵਾਨ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਪ੍ਰਾਹੁਣੇ ਆਏ ਹੋਏ ਸਨ ਅਤੇ ਜਦੋਂ ਉਹ ਖਾਣਾ ਖਾ ਰਹੇ ਸਨ ਤਾਂ ਉਨ੍ਹਾਂ ਨੂੰ ਗੇਟ ਦੇ ਖੜਕਣ ਦੀ ਆਵਾਜ਼ ਸੁਣਾਈ ਦਿੱਤੀ। ਗੇਟ ਦੀ ਖੜਾਕ ਸੁਣ ਕੇ ਉਹ ਆਪਣੇ ਗੇਟ ਦੇ ਕੋਲ ਜਦੋਂ ਪੁੱਜਿਆ ਅਤੇ ਉਸ ਨੇ ਦੇਖਿਆ ਕਿ ਕੋਈ ਵੀ ਉੱਥੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਰਾਤ 12 ਵਜੇ ਜਦੋਂ ਉਹ ਸੌਂ ਰਹੇ ਸੀ ਤਾਂ ਗੇਟ ਦੇ ਨੇੜੇ ਕੁਝ ਲੋਕਾਂ ਨੂੰ ਜਾਂਦੇ ਹੋਏ ਦੇਖਿਆ ਜਿਨ੍ਹਾਂ ਨੇ ਫੌਜੀ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਕੋਲ ਹਥਿਆਰ ਨਹੀਂ ਸੀ। ਇਸ ਤੋਂ ਬਾਅਦ ਜਦੋਂ ਫੌਜੀ ਵਰਦੀਧਾਰੀ ਚਲੇ ਗਏ ਤਾਂ ਉਸ ਨੇ ਪਿੰਡ ਦੇ ਮੁੰਡਿਆਂ ਨੂੰ ਆਵਾਜ਼ਾਂ ਮਾਰੀਆਂ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਇਸ ਗੱਲ ਦੀ ਪੁਸ਼ਟੀ ਕਰਨੀ ਚਾਹੀ ਪਰ ਉਨ੍ਹਾਂ ਸ਼ੱਕੀ ਵਿਅਕਤੀਆਂ ਦੀ ਕਿਤੇ ਵੀ ਸੂਹ ਨਾ ਮਿਲੀ। ਰਾਤ ਢਾਈ ਵਜੇ ਦੇ ਕਰੀਬ ਉਸ ਨੂੰ ਕਿਸੇ ਦਾ ਫੋਨ ਆਇਆ ਜਿਸ ਤੋਂ ਬਾਅਦ ਵੀ ਉਸ ਨੂੰ ਘਰ ਦੇ ਬਾਹਰ ਆਵਾਜ਼ ਸੁਣਾਈ ਦਿੱਤੀ। ਉਹ ਸਵੇਰੇ 4 ਵਜੇ ਤੱਕ ਲਗਾਤਾਰ ਕੋਠੇ ’ਤੇ ਚੜ੍ਹੇ ਰਹੇ ਪਰ ਕੁਝ ਨਹੀਂ ਪਤਾ ਲੱਗ ਸਕਿਆ। ਸਵੇਰੇ ਤੜਕੇ ਉਸ ਨੇ ਪੁਲੀਸ ਨੂੰ ਫੋਨ ’ਤੇ ਸੂਚਿਤ ਕੀਤਾ ਜਿਸ ’ਤੇ ਪੁਲੀਸ ਆ ਗਈ। ਇੱਕ ਔਰਤ ਕਮਲਾ ਦੇਵੀ ਨੇ ਵੀ ਇਸ ਦੀ ਪੁਸ਼ਟੀ ਕੀਤੀ। ਐੱਸਪੀ ਹੈੱਡਕੁਆਰਟਰ ਗੁਰਬਾਜ਼ ਸਿੰਘ ਨੇ ਕਿ ਔਰਤ ਕੋਲੋਂ ਜਾਣਕਾਰੀ ਪ੍ਰਾਪਤ ਕਰ ਲਈ ਗਈ ਹੈ ਅਤੇ ਅਜੇ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ ਪਰ ਫਿਰ ਵੀ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤਲਾਸ਼ ਚੱਲ ਰਹੀ ਹੈ।