ਨਾਬਾਲਗ ਵਿਚਾਰ ਅਧੀਨ ਕੈਦੀ ਨੂੰ ਮੁੱਲਾਂਪੁਰ ਬਾਲ ਸੁਧਾਰ ਘਰ ਛੱਡਣ ਆ ਰਹੀ ਪੁਲਸ ਦੀ ਓਵਰ ਸਪੀਡ ਕਾਰ ਪਲਟੀ
ਲੁਧਿਆਣਾ : ਅੰਮ੍ਰਿਤਸਰ ਤੋਂ ਇਕ ਨਾਬਾਲਗ ਕੈਦੀ ਨੂੰ ਮੁੱਲਾਂਪੁਰ ਵਿਖੇ ਬਣੇ ਬਾਲ ਸੁਧਾਰ ਘਰ ਛੱਡਣ ਆ ਰਹੀ ਪੰਜਾਬ ਪੁਲਸ ਦੀ ਗੱਡੀ ਤੇਜ਼ ਰਫ਼ਤਾਰ ਦੇ ਚਲਦਿਆਂ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਪਲਟ ਗਈ। ਦੱਸਣਯੋਗ ਹੈ ਕਿ ਹਾਦਸੇ ਵਿਚ ਦੋ ਮੁਲਾਜਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਲਹੂ ਲੁਹਾਨ ਹਾਲਤ ਵਿਚ ਗੱਡੀ ਵਿਚੋਂ ਕੱਢਿਆ ਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਸ਼ਟੇਸ਼ਨ ਛੇਹਰਟਾ ਦੇ ਏ. ਐੱਸ. ਆਈ. ਰਹਵਿੰਦਰ ਕੁਮਾਰ ਇਕ ਨਾਬਾਲਗ ਵਿਚਾਰ ਅਧੀਨ ਕੈਦੀ ਨੂੰ ਮੁੱਲਾਂਪੁਰ ਸਥਿਤ ਬਾਲ ਸੁਧਾਰ ਘਰ ਛੱਡਣ ਆ ਰਹੇ ਸਨ। ਜਦੋਂ ਉਹ ਦੁਗਰੀ ਪੁਲ ਨੇੜੇ ਪੁੱਜੇ ਤਾਂ ਕਾਰ ਪਲਟ ਗਈ। ਉਨ੍ਹਾਂ ਵੱਲੋਂ ਰੌਲਾ ਪਾਉਣ `ਤੇ ਲੋਕ ਮਦਦ ਲਈ ਅੱਗੇ ਆਏ। ਉੱਥੇ ਮੌਕੇ `ਤੇ ਪੁੱਜੀ ਥਾਣਾ ਸਦਰ ਦੀ ਪੁਲਸ ਜਾਂਚ `ਚ ਲੱਗ ਗਈ ਸੀ।