ਮਰਨ ਵਰਤ ਤੇ ਬੈਠੇ ਡੱਲੇਵਾਲ ਦੀ ਨਾਜ਼ੁਕ ਹੁੰਦੀ ਜਾ ਰਹੀ ਸਿਹਤ ਅਤੇ ਵਧਦੀ ਜਾ ਰਹੀ ਇਨਫੈਕਸ਼ਨ ਤੋਂ ਬਚਾਅ ਲਈ ਬਣਾਇਆ ਜਾਵੇਗਾ ਸ਼ੀਸ਼ੇ ਦਾ ਕਮਰਾ
ਖਨੌਰੀ : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਆਉਂਦੇ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਤੋਂ ਸਾਰੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਗਾਰੰਟੀ ਕਾਨੂੰਨ ਸਮੇਤ ਹੋਰ ਮੰਗਾਂ ਪੂਰੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸੋਮਵਾਰ ਜਿਥੇ ਲਗਾਤਾਰ ਜਾਰੀ ਹੈ, ਉਥੇ ਅਜਿਹਾ ਕਰਨ ਨਾਲ ਲਗਾਤਾਰ ਉਨ੍ਹਾਂ ਦੀ ਸਿਹਤ ’ਤੇ ਵੀ ਨਾਜ਼ੁਕ ਹੁੰਦੀ ਜਾ ਰਹੀ ਹੈ, ਨੂੰ ਮੱਦੇਨਜ਼ਰ ਰੱਖਦਿਆਂ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਹੈ ਕਿ ਮੰਚ ’ਤੇ ਹੀ ਜਗਜੀਤ ਸਿੰਘ ਡੱਲੇਵਾਲ ਲਈ ਸ਼ੀਸ਼ੇ ਦਾ ਕਮਰਾ ਬਣਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ । ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਡੱਲੇਵਾਲ ਦਾ ਬੀਬੀ 110/70, ਪਲਸ ਰੇਟ 74, ਆਕਸੀਜਨ ਦਾ ਲੈਵਲ 98, ਤਾਪਮਾਨ 97.3 ਤੇ ਸ਼ੁਗਰ ਦਾ ਪੱਧਰ ਵੀ ਘੱਟ ਦਰਜ ਕੀਤਾ ਗਿਆ ਹੈ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਸ਼ੰਭੂ ’ਚ ਐਲਾਨ ਕੀਤਾ ਕਿ 18 ਦਸੰਬਰ ਨੂੰ ਕਿਸਾਨ ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ ਤਹਿਤ ਟਰੈਕ ’ਤੇ ਧਰਨੇ ਦੇਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਲੰਗਰ ਪ੍ਰਸਾਦ ਤੇ ਪਾਣੀ ਦਾ ਵੀ ਪ੍ਰਬੰਧ ਘਰੋਂ ਕਰ ਕੇ ਲਿਆਉਣ ਤਾਂ ਜੋ ਸਟੇਸ਼ਨਾਂ ’ਤੇ ਕੋਈ ਵੀ ਭੁੱਖ ਤੇ ਪਿਆਸ ਨਾਲ ਪਰੇਸ਼ਾਨ ਨਾ ਹੋਵੇ । ਉਨ੍ਹਾਂ ਵੀਡੀਓ ਅਪਲੋਡ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਜੜਾਂ ਹਿਲਾਉਣੀਆਂ ਹਨ ਤਾਂ ਸਾਰਿਆਂ ਨੂੰ ਇਕ ਹੋ ਕੇ ਇਸ ਅੰਦੋਲਨ ’ਚ ਹਿੱਸਾ ਲੈਣਾ ਪਵੇਗਾ। ਪੰਧੇਰ ਨੇ ਇਹ ਵੀ ਦੋਸ਼ ਲਗਾਇਆ ਕਿ ਵਿਰੋਧੀ ਧਿਰ ਕਿਸਾਨਾਂ ਦੀ ਆਵਾਜ਼ ਸੰਸਦ ’ਚ ਨਹੀਂ ਚੁੱਕ ਰਹੀ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵੀ ਸਵਾਲ ਕੀਤਾ ਕਿ ਉਹ ਕਿਸਾਨਾਂ ਲਈ ਕੀ ਕਰ ਰਹੇ ਹਨ? ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਚੱਲ ਰਿਹਾ ਕਿਸਾਨ ਅੰਦੋਲਨ
ਤੇਜ਼ ਹੋਣ ਲੱਗਾ ਹੈ । ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ’ਚ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਸਿਆਸੀ ਆਗੂ ਖਨੌਰੀ ਪੁੱਜ ਰਹੇ ਹਨ ।