‘ਆਪ’ ਦੇ ਉਮੀਦਵਾਰ ਨਗਰ ਨਿਗਮ/ਕੌਂਸਲ ਚੋਣਾਂ ਵਿੱਚ ਪ੍ਰਾਪਤ ਕਰਨਗੇ ਹੂੰਝਾ ਫੇਰ ਜਿੱਤ : ਹਰਚੰਦ ਸਿੰਘ ਬਰਸਟ
ਪਟਿਆਲਾ : ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚੰਗੀ ਕਾਰਗੁਜਾਰੀ ਤੋਂ ਲੋਕ ਬਹੁਤ ਖੁਸ਼ ਹਨ। ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਦਾ ਪੂਰਾ ਸਾਥ ਮਿਲ ਰਿਹਾ ਹੈ ਅਤੇ ਚੋਣਾਂ ਵਿੱਚ ਆਪ ਦੇ ਉਮੀਦਵਾਰ ਹੂੰਝਾ ਫੇਰ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੜ੍ਹੇ ਲਿਖੇ, ਇਮਾਨਦਾਰ, ਸੂਝਵਾਨ ਲੋਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕ ਪੱਖੀ ਕੰਮ ਕੀਤੇ ਜਾ ਰਹੇ ਹਨ, ਜਿਸਦੇ ਸਦਕਾ ਅੱਜ ਪੰਜਾਬ ਤਰੱਕੀ ਦੀ ਰਾਹ ‘ਤੇ ਅੱਗੇ ਵੱਧ ਰਿਹਾ ਹੈ । ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਅਤੇ ਚੰਗੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ । ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਸ਼ ਤੋਂ ਕਰੀਬ 50 ਹਜਾਰ ਨੋਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ । ਖੇਤਾਂ ਨੂੰ ਨਹਿਰਾਂ ਦਾ ਪਾਣੀ ਦੇਣਾ, ਸਕੂਲ ਆਫ ਐਮੀਨੈਂਸ, ਸੜਕ ਸੁਰੱਖਿਆ ਫੋਰਸ ਸਮੇਤ ਪੰਜਾਬ ਵਿੱਚ ਨਵੀਂ ਇੰਡਸਟਰੀ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਸਾਰਥਿਕ ਕਦਮ ਚੁੱਕੇ ਗਏ ਹਨ, ਜਿਸ ਕਰਕੇ ਲੋਕਾਂ ਨੂੰ ਆਪ ਸਰਕਾਰ ਤੇ ਪੂਰਾ ਭਰੋਸਾ ਹੈ । ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ । ਸੂਬੇ ਵਿੱਚ ਖੇਡ ਸੱਭਿਆਚਾਰ ਵਿਕਸਿਤ ਕਰਨ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ, ਤਾਂ ਜੋ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੂਲਤ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਨੀਤੀਆਂ, ਪ੍ਰਸ਼ਾਸਨਿਕ ਸੁਧਾਰਾਂ ਤੋਂ ਲੈ ਕੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣਾ ਅਤੇ ਹਰ ਵਰਗ ਦੀ ਭਲਾਈ ਵਾਸਤੇ ਲਏ ਗਏ ਫੈਸਲਿਆਂ ਤੋਂ ਆਮ ਜਨ ਬਹੁਤ ਖੁਸ਼ ਹਨ, ਜਿਸ ਕਰਕੇ ਨਗਰ ਨਿਗਮ, ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ । ਉਨ੍ਹਾਂ ਆਪ ਦੇ ਵਲੰਟੀਅਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਕਾਰਜਾਂ ਨੂੰ ਘਰ-ਘਰ ਜਾ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਲਾਭ ਹੋ ਸਕੇ ।