ਤਿੰਨ ਸਾਲ ਪੂਰੇ ਕਰਨ ਜਾ ਰਹੀ ਆਪ ਪਾਰਟੀ ਦੀ ਸਰਕਾਰ ਨਹੀਂ ਦੇ ਸਕੀ ਹੁਣ ਤੱਕ ਪੰਜਾਬ ਦੀਆਂ ਔਰਤਾਂ ਨੂੰ ਇਕ ਵੀ ਰੁਪਇਆ : ਰੇਖਾ ਅਗਰਵਾਲ
ਪਟਿਆਲਾ, 7 ਜਨਵਰੀ () : ਪੰਜਾਬ ਦੇ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਲੁਭਾਉਣੀਆਂ ਗਾਰੰਟੀਆਂ ਦੇਣ ਦਾ ਵਾਅਦਾ ਕਰਕੇ ਪੰਜਾਬ ਵਿਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਕਰਨ ਦੇ ਕਰੀਬ ਪਹੰੁਚਣ ਦੇ ਬਾਵਜੂਦ ਵੀ ਅੱਜ ਤੱਕ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਤਾਂ ਦੂਰ ਇਕ ਰੁਪਇਆ ਵੀ ਨਹੀਂ ਦੇ ਸਕੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿ਼ਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਮਹਿਲਾ ਵਿੰਗ ਦੀ ਪ੍ਰਧਾਨ ਰੇਖਾ ਅਗਰਵਾਲ ਨੇ ਗੱਲਬਾਤ ਦੌਰਾਨ ਕੀਤਾ । ਰੇਖਾ ਅਗਰਵਾਲ ਨੇ ਕਿਹਾ ਕਿ ਪੰਜਾਬ ਵਿਚ ਇਹੋ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ 2100 ਰੁਪਏ ਔਰਤਾਂ ਨੂੰ ਦੇਣ ਦਾ ਫਿਰ ਇਕ ਵਾਰ ਝੂਠਾ ਵਾਅਦਾ ਕੀਤਾ ਜਾ ਰਿਹਾ ਹੈ, ਜੋ ਕਿ ਆਪਣੇ ਆਪ ਵਿਚ ਹਾਸੋਹੀਣਾ ਹੈ । ਉਨ੍ਹਾਂ ਕਿਹਾ ਕਿ ਲੋਕ ਲੁਭਾਊ ਯੋਜਨਾਵਾਂ ਦਾ ਐਲਾਨ ਕਰਕੇ ਸਰਕਾਰ ਬਣਾਉਣ ਵਾਲੀ ਇਹ ਪਾਰਟੀ ਝੂਠ ਦੀ ਪੰਡਾਂ ਨਾਲ ਭਰੀ ਪਾਰਟੀ ਹੈਜਿਸਨੇ ਆਪਣੀਆਂ ਗਾਰੰਟੀਆਂ ਨੂੰ ਪੰਜਾਬ ਵਿਚ ਪੂਰਾ ਕਰਨਾ ਤਾਂ ਦੂਰ ਉਨ੍ਹਾਂ ਨੂੰ ਲਾਗੂ ਕਰਨ ਲਈ ਕੋਈ ਕਦਮ ਵੀ ਨਹੀਂ ਪੁੱਟਿਆ ਬਲਕਿ ਸਰਕਾਰ ਦਾ ਕਾਰਜਕਾਲ ਡੰਗ ਟਪਾਊ ਨੀਤੀ ਤਹਿਤ ਮੌਜਾਂ ਮਾਰ ਕੇ ਪੂਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੀ ਪਾਰਟੀ ਆਖਣ ਵਾਲੀ ਆਮ ਆਦਮੀ ਪਾਰਟੀ ਨੇ ਪੰਚਾਇਤੀ ਤੇ ਨਗਰ ਨਿਗਮ ਚੋਣਾਂ ਵਿਚ ਗੁੰਡਾਗਰਦੀ ਕਰਕੇ ਸ਼ਹੀਦਾਂ ਦੀਆਂ ਉਮੀਦਾਂ ਨੂੰ ਚੂਰ ਚੂਰ ਕੀਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ਕਿਉਂਕਿ ਲੋਕਾਂ ਨੇ ਇਕ ਵਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਦੇਖ ਲਿਆ ਹੈ ਕਿ ਇਹੋ ਕਿਹੋ ਜਿਹੀ ਪਾਰਟੀ ਹੈ ।