ਸੀਰੀਆ ਦੀ ਖੇਤਰੀ ਅਖੰਡਤਾ ਲਈ ਸਾਰੀਆਂ ਧਿਰਾਂ ਮਿਲ ਕੇ ਕੰਮ ਕਰਨ : ਭਾਰਤ
ਨਵੀਂ ਦਿੱਲੀ : ਸੀਰੀਆ ’ਚ ਬਾਗੀ ਦਸਤਿਆਂ ਵੱਲੋਂ ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਡੇਗਣ ਤੋਂ ਇੱਕ ਦਿਨ ਬਾਅਦ ਭਾਰਤ ਨੇ ਅੱਜ ਉਸ ਮੁਲਕ ’ਚ ਸਥਿਰਤਾ ਲਿਆਉਣ ਲਈ ਸ਼ਾਂਤੀਪੂਰਨ ਤੇ ਏਕੀਕ੍ਰਿਤ ਸੀਰਿਆਈ ਲੀਡਰਸ਼ਿਪ ਵਾਲੀ ਸਿਆਸੀ ਪ੍ਰਕਿਰਿਆ ਦਾ ਸੱਦਾ ਦਿੱਤਾ ਹੈ । ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਸੀਰੀਆ ’ਚ ਜਾਰੀ ਘਟਨਾਕ੍ਰਮ ’ਤੇ ਨਜ਼ਰ ਰੱਖ ਰਹੇ ਹਨ । ਭਾਰਤ ਨੇ ਸੀਰੀਆ ’ਚ ਏਕਤਾ, ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਅਸੀਂ ਸੀਰਿਆਈ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਤੇ ਇੱਛਾਵਾਂ ਦਾ ਸਨਮਾਨ ਕਰਦੇ ਹੋਏ ਸੀਰੀਆ ਦੀ ਅਗਵਾਈ ਹੇਠ ਸ਼ਾਂਤੀਪੂਰਨ ਤੇ ਤਾਲਮੇਲ ਵਾਲੀ ਸਿਆਸੀ ਪ੍ਰਕਿਰਿਆ ਦੀ ਵਕਾਲਤ ਕਰਦੇ ਹਾਂ । ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦਮਸ਼ਕ ’ਚ ਭਾਰਤੀ ਦੂਤਾਵਾਸ ਭਾਰਤੀ ਭਾਈਚਾਰੇ ਦੀ ਸੁਰੱਖਿਆ ਲਈ ਉਨ੍ਹਾਂ ਦੇ ਸੰਪਰਕ ਵਿੱਚ ਹੈ ।