ਆਸਟਰੇਲੀਆਈ ਸਰਕਾਰ ਨੇ ਕੀਤਾ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਡਿਪੋਰਟ ਕਰਨ ਦਾ ਫ਼ੈਸਲਾ
ਮੈਲਬੌਰਨ : ਪਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਦੇ ਇਲਾਕੇ ਕੈਨਿੰਗਵੇਲ ਵਿਖੇ ਸਥਿਤ ਗੁਰੂਘਰ ਵਿਖੇ ਅਗੱਸਤ ਮਹੀਨੇ ਵਿਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੇ ਚਲਦਿਆਂ ਸਿੱਖ ਸੰਗਤ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਸੀ, ਜਿਸ ਦੇ ਚਲਦਿਆਂ ਆਸਟਰੇਲੀਆ ਦੀ ਸਰਕਾਰ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ 21 ਸਾਲਾ ਨੌਜਵਾਨ ਖਿਜ਼ਰ ਹਯਾਤ ਨੂੰ ਦੇਸ਼ ਨਿਕਾਲਾ (ਡਿਪੋਰਟ) ਕਰਨ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਤੇ ਅਵਾਸ ਮੰਤਰੀ ਟੋਨੀ ਬਰਕ ਨੇ ਦੋਸ਼ੀ ਦਾ ਵੀਜ਼ਾ ਰੱਦ ਕਰਕੇ ਉਸ ਨੂੰ ਅਵਾਸ ਨਜ਼ਰਬੰਦੀ (ਇੰਮੀਗ੍ਰੇਸ਼ਨ ਡਿਟੈਨਸ਼ਨ) ’ਚ ਰੱਖਣ ਦਾ ਹੁਕਮ ਦਿਤਾ ਹੈ ਜਿਥੋਂ ਉਸ ਨੂੰ ਜਲਦ ਹੀ ਦੇਸ਼ ਨਿਕਾਲਾ ਦੇ ਦਿਤਾ ਜਾਵੇਗਾ । ਜਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਹਯਾਤ ਨੇ ਪਰਥ ਦੇ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਨੂੰ ਜ਼ਮੀਨ ’ਤੇ ਸੁਟਿਆ, ਪੈਰਾਂ ਨਾਲ ਰੌਂਦਿਆ, ਪੰਨੇ ਫਾੜ ਕੇ ਟਾਇਲਟ ਵਿਚ ਸੁੱਟ ਦਿਤੇ ਅਤੇ ਉਸਨੂੰ ਅੱਗ ਨਾਲ ਸਾੜਨ ਦੀਆਂ ਵੀਡੀਉਜ਼ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿਤਾ ਸੀ ਤੇ ਇਹ ਵੀਡੀਉਜ਼ ਵਾਇਰਲ ਹੋਣ ’ਤੇ ਆਸਟਰੇਲੀਆ ਸਮੇਤ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਪਾਇਆ ਹਾ ਰਿਹਾ ਸੀ ਤੇ ਦੋਸ਼ੀ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਦੇਣ ਦੇ ਲਈ ਆਸਟਰੇਲੀਆ ਭਰ ਵਿਚ ਸਿੱਖ ਸੰਗਤ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਰੋਸ ਮਾਰਚ ਕੱਢੇ ਗਏ ।