ਸ਼ਾਨਦਾਰ ਜਿੱਤ ਹਾਸਲ ਕਰਕੇ ਬਾਤਿਸ਼ ਪਰਿਵਾਰ ਨੇ ਵਧਾਇਆ ਭਾਜਪਾ ਦਾ ਮਾਣ : ਪਰਨੀਤ ਕੌਰ
ਪਟਿਆਲਾ : ਪਿਛਲੇ ਦਿਨ ਸੰਪਨ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 39 ਤੋਂ ਭਾਜਪਾ ਦੀ ਉਮੀਦਵਾਰ ਅਨਮੋਲ ਬਾਤਿਸ਼ ਨੇ ਆਪਣੇ ਵਿਰੋਧੀ ਉਮੀਦਵਾਰਾਂ ਚਾਰ ਵਾਰ ਦੀ ਸਾਬਕਾ ਕੌਂਸਲਰ ਕਾਂਗਰਸ ਦੀ ਲੀਲਾ ਰਾਣੀ ਅਤੇ ਆਪ ਦੀ ਉਮੀਦਵਾਰ ਜਯੋਤੀ ਪਤਨੀ ਮੋਨੂ ਪ੍ਰਧਾਨ ਨੂੰ ਪਛਾੜਦੇ ਹੋਏ ਇੱਕ ਵੱਡੀ ਜਿੱਤ ਹਾਸਲ ਕੀਤੀ। ਅੱਜ ਇਸ ਮੌਕੇ ਸਾਬਕਾ ਕੌਂਸਲਰ ਨਿਖਿਲ ਬਾਤਿਸ਼ ਸ਼ੇਰੂ ਅਤੇ ਨਵੀਂ ਚੁਣੀ ਕੌਂਸਲਰ ਅਨਮੋਲ ਬਾਤਿਸ਼ ਨੇ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜਿੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇਕੇ ਉਹਨਾਂ ਤੋਂ ਆਸ਼ੀਰਵਾਦ ਲਿਆ। ਬਾਤਿਸ਼ ਪਰਿਵਾਰ ਨੂੰ ਭਾਜਪਾ ਦੀ ਟਿਕਟ ਮਿਲਣ ਤੋਂ ਬਾਅਦ ਪਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਨੇ ਬਹੁਤ ਘੱਟ ਸਮੇਂ ਵਿੱਚ ਡੱਟ ਕੇ ਦਿਨ ਰਾਤ ਉਹਨਾਂ ਲਈ ਚੋਣ ਪ੍ਰਚਾਰ ਕੀਤਾ ਅਤੇ ਜਿੱਤ ਦੀ ਨੀਂਹ ਨੂੰ ਵੀ ਪੱਕਾ ਕੀਤਾ । ਬਾਤਿਸ਼ ਪਰਿਵਾਰ ਨੇ ਵੀ ਘੱਟ ਸਮੇਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਦਾ ਮਨ ਜਿੱਤਿਆ ਅਤੇ ਜਿਸਦੇ ਫਲ ਸਰੂਪ ਲੋਕਾਂ ਨੇ ਆਪ ਦੇ ਧੱਕੇ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਖੁੱਲ ਕੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਇਸ ਵਾਰਡ ਤੋਂ ਜੇਤੂ ਬਣਵਾਇਆ । ਇੱਥੇ ਇਹ ਵੀ ਦੱਸਣਯੋਗ ਹੈ ਕਿ ਬਾਤਿਸ਼ ਪਰਿਵਾਰ ਤੀਜੀ ਪੀੜੀ ਦੇ ਤੌਰ ਤੇ ਰਾਜਨੀਤਿਕ ਸਫਰ ਵਿੱਚ ਉਤਰਿਆ ਹੈ। ਇਸ ਤੋਂ ਪਹਿਲਾਂ ਇਹਨਾਂ ਦੇ ਪਰਿਵਾਰ ਚੋਂ ਪਿੰਕੀ ਪੰਡਿਤ ਅਤੇ ਨਿਖਿਲ ਬਾਤਿਸ਼ ਸ਼ੇਰੂ ਕੌਂਸਲਰ ਹਨ, ਜਦੋਂ ਕਿ ਹੁਣ ਅਨਮੋਲ ਬਾਤਿਸ਼ ਸ਼ੇਰੂ ਪਰਿਵਾਰ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਨਵੇਂ ਕੌਂਸਲਰ ਚੁਣੇ ਗਏ ਹਨ ।