ਭਾਜਪਾ ਵੋਟਰ ਸੂਚੀ ’ਚੋਂ ਉਨ੍ਹਾਂ ਦੀ ਪਤਨਾ ਅਨੀਤਾ ਦਾ ਨਾਮ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਸੰਜੇ ਸਿੰਘ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਿਆਸਤ ਵਿਚ ਬਹੁਤ ਹੀ ਘੱਟ ਸਮੇਂ ਵਿਚ ਉਭਰ ਕੇ ਨੈਸ਼ਨਲ ਪਾਰਟੀ ਦਾ ਰੁਤਬਾ ਰੱਖਣ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਦੀ ਪਤਨੀ ਦੀ ਦਿੱਲੀ ਵਿੱਚ ਵੋਟ ਨਾ ਹੋਣ ਦਾ ਦਾਅਵਾ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਪਾਰਟੀ ਦੇ ਆਈ. ਟੀ. ਸੈੱਲ ਦੇ ਇੰਚਾਰਜ ਅਮਿਤ ਮਾਲਵੀਆ ਖਿ਼ਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਵੋਟਰ ਸੂਚੀ ’ਚੋਂ ਉਨ੍ਹਾਂ ਦੀ ਪਤਨਾ ਅਨੀਤਾ ਦਾ ਨਾਮ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਤਿਵਾੜੀ ਅਤੇ ਮਾਲਵੀਆ ਨੇ ਦਾਅਵਾ ਕੀਤਾ ਸੀ ਕਿ ‘ਆਪ’ ਆਗੂ ਅਤੇ ਉਸ ਦੀ ਪਤਨੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਵੇਂ ਦਿੱਲੀ ’ਚ ਵੋਟ ਪਾਈ ਸੀ ਪਰ ਅਨੀਤਾ ਸਿੰਘ ਵੱਲੋਂ ਦਾਇਰ ਇੱਕ ਹਲਫਨਾਮੇ ਮੁਤਾਬਕ ਉਹ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿੱਚ ਵੋਟਰ ਵਜੋਂ ਰਜਿਸਟਰਡ ਹਨ, ਜਿਸ ਕਾਰਨ ਦਿੱਲੀ ਵਿੱਚ ਉਨ੍ਹਾਂ ਦੀ ਵੋਟ ‘ਅਵੈਧ’ ਅਤੇ ‘ਗੈਰਕਾਨੂੰਨੀ’ ਹੋ ਜਾਂਦੀ ਹੈ। ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸੰਸਦ ’ਚ ਪੂਰਵਾਂਚਲੀ ਵੋਟਰਾਂ ਦੇ ਨਾਂ ‘ਹਟਾਉਣ’ ਦਾ ਮੁੱਦਾ ਉਠਾਇਆ, ਜਿਸ ਕਾਰਨ ਭਾਜਪਾ ਪ੍ਰਧਾਨ (ਜੇਪੀ ਨੱਢਾ) ਨੇ ਪੂਰਵਾਂਚਲੀ ਭਰਾਵਾਂ ਨੂੰ ‘ਰੋਹਿੰਗੀਆ’ ਅਤੇ ‘ਬੰਗਲਾਦੇਸ਼ੀ’ ਕਰਾਰ ਦਿੱਤਾ। ਉਨ੍ਹਾਂ ਭਾਜਪਾ ’ਤੇ ਫਰਵਰੀ ’ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ’ਚੋਂ ਉਨ੍ਹਾਂ ਦੀ ਪਤਨੀ ਦਾ ਨਾਂ ਹਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ ਹੈ। ਉਨ੍ਹਾਂ ਕਿਹਾ ਕਿ ਤਿਵਾੜੀ ਇਹ ਦਾਅਵਾ ਕਰਕੇ ਝੂਠ ਫੈਲਾ ਰਹੇ ਹਨ ਕਿ ਉਨ੍ਹਾਂ ਦੀ ਪਤਨੀ ਦੀ ਵੋਟ ਸੁਲਤਾਨਪੁਰ ਵਿੱਚ ਹੈ। ਉਨ੍ਹਾਂ ਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਜਾ ਕੇ ਦੇਖਣਾ ਚਾਹੀਦਾ ਹੈ ਕਿ ਅਨੀਤਾ ਕਿੱਥੇ ਦੀ ਵੋਟਰ ਹੈ। ਉਨ੍ਹਾਂ ਕਿਹਾ , ‘ਮੈਂ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਾਂਗਾ ।