ਯੂ. ਪੀ. ’ਚ ਸੱਤ ਸਾਲਾ ਲੜਕੀ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ
ਭਦੋਹੀ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਭਦੋਹੀ ਜਿ਼ਲ੍ਹੇ ਵਿੱਚ ਆਤਮਹੱਤਿਆ ਦੇ ਸ਼ੱਕੀ ਮਾਮਲੇ ਵਿੱਚ ਸੱਤ ਸਾਲਾ ਲੜਕੀ ਦੀ ਲਾਸ਼ ਆਪਣੇ ਘਰ ਵਿੱਚ ਫਾਹੇ ਨਾਲ ਲਟਕੀ ਹੋਈ ਮਿਲਣ ਤੇ ਪੁਲਸ ਨੇ ਕਿਹਾ ਕਿ ਆਤਮਹੱਤਿਆ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਧੀਕ ਪੁਲੀਸ ਸੁਪਰਡੈਂਟ (ਏ. ਐਸ. ਪੀ.) ਤੇਜਵੀਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਸਵੇਰੇ 11 ਵਜੇ ਦੇ ਕਰੀਬ ਕਮਰੇ ਦੇ ਸ਼ੈੱਡ ਦੇ ਐਂਗਲ ਨਾਲ ਸਾੜੀ ਦੇ ਫਾਹੇ ਨਾਲ ਲਟਕਦੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਮਿਸਤਰੀ ਹਨ ਅਤੇ ਘਟਨਾ ਵੇਲੇ ਉਹ ਕੰਮ ’ਤੇ ਗਏ ਹੋਏ ਸਨ। ਉਸ ਦੇ ਤਿੰਨ ਹੋਰ ਭੈਣ-ਭਰਾ (ਉਮਰ 13, 5 ਅਤੇ 4) ਹਨ, ਜੋ ਘਟਨਾ ਵੇਲੇ ਘਰ ਵਿੱਚ ਹੀ ਸਨ। ਫੋਰੈਂਸਿਕ ਮਾਹਿਰਾਂ ਨੇ ਮੌਕੇ ਦਾ ਜਾਇਜ਼ਾ ਲੈ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਪੁਸ਼ਟੀ ਕਰਨ ਲਈ ਜਾਂਚ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।