ਸੀ. ਬੀ. ਐੱਸ. ਈ. ਨੇ ਕੀਤਾ ਡਮੀ ਵਿਦਿਆਰਥੀਆਂ ਦੇ ਦਾਖ਼ਲਿਆਂ ਦਾ ਪਤਾ ਲਾਉਣ ਲਈ 29 ਸਕੂਲਾਂ ਦਾ ਅਚਨਚੇਤ ਨਿਰੀਖਣ
ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਡਮੀ ਵਿਦਿਆਰਥੀਆਂ ਦੇ ਦਾਖ਼ਲਿਆਂ ਦਾ ਪਤਾ ਲਾਉਣ ਲਈ ਦਿੱਲੀ, ਬੰਗਲੂਰੂ, ਵਾਰਾਣਸੀ, ਬਿਹਾਰ, ਗੁਜਰਾਤ ਅਤੇ ਛੱਤੀਸਗੜ੍ਹ ਦੇ 29 ਸਕੂਲਾਂ ਵਿੱਚ ਅਚਨਚੇਤ ਨਿਰੀਖਣ ਕੀਤਾ। ਬੋਰਡ ਦੇ ਸਕੱਤਰ ਹਿਮਾਂਸ਼ੂ ਗੁਪਤਾ ਮੁਤਾਬਕ, ਸੀ. ਬੀ, ਐੱਸ. ਈ. ਦੇ ਇਕ ਅਧਿਕਾਰੀ ਅਤੇ ਇਕ ਮਾਨਤਾ ਪ੍ਰਾਪਤ ਸਕੂਲ ਦੇ ਪ੍ਰਿੰਸੀਪਲ ਦੀ ਸ਼ਮੂਲੀਅਤ ਵਾਲੀਆਂ ਕੁੱਲ 29 ਟੀਮਾਂ ਨੇ ਸਕੂਲਾਂ ਦਾ ਨਿਰੀਖਣ ਕੀਤਾ। ਗੁਪਤਾ ਨੇ ਕਿਹਾ ਕਿ ਨਿਰੀਖਣ ਕੀਤੇ ਗਏ ਜਿ਼ਆਦਾਤਰ ਸਕੂਲਾਂ ਨੂੰ ਬੋਰਡ ਦੇ ਮਾਨਤਾ ਦੇ ਉਪ ਨੇਮਾਂ ਦੀ ਉਲੰਘਣਾ ਕਰਦਿਆਂ ਪਾਇਆ ਗਿਆ, ਕਿਉਂਕਿ ਉਨ੍ਹਾਂ ਨੇ ਵਿਦਿਆਰਥੀਆਂ ਦੀ ਅਸਲ ਹਾਜ਼ਰੀ ਦੇ ਰਿਕਾਰਡ ਨਾਲੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕੀਤਾ । ਇਸ ਤੋਂ ਇਲਾਵਾ, ਸਕੂਲਾਂ ਵਿੱਚ ਬੋਰਡ ਦੇ ਬੁਨਿਆਦੀ ਢਾਂਚੇ ਦੇ ਮਾਪਦੰਡਾਂ ਦੀ ਉਲੰਘਣਾ ਵੀ ਪਾਈ ਗਈ । ਉਨ੍ਹਾਂ ਕਿਹਾ ਕਿ ਸੀ. ਬੀ. ਐੱਸ. ਈ. ਨੇ ਇਨ੍ਹਾਂ ਉਲੰਘਣਾਵਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਅਜਿਹੇ ਸਕੂਲਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਬੋਰਡ ਅਜਿਹੀਆਂ ਸੰਸਥਾਵਾਂ ਖਿ਼ਲਾਫ਼ ਕਾਨੂੰਨੀ ਕਾਰਵਾਈ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ । ਇਹ ਨਿਰੀਖਣ ਬੁੱਧਵਾਰ ਤੇ ਵੀਰਵਾਰ ਨੂੰ ਕੀਤੇ ਗਏ। ਸੀ. ਬੀ. ਐੱਸ. ਈ. ਮੁਤਾਬਕ, ਨੇਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ’ਚੋਂ 18 ਕੌਮੀ ਰਾਜਧਾਨੀ ’ਚ ਹਨ ਜਦਕਿ ਵਾਰਾਣਸੀ ਵਿੱਚ ਤਿੰਨ, ਬੰਗਲੂਰੂ, ਪਟਨਾ, ਅਹਿਮਦਾਬਾਦ, ਬਿਲਾਸਪੁਰ ਅਤੇ ਛੱਤੀਸਗੜ੍ਹ ਵਿੱਚ ਦੋ-ਦੋ ਸਕੂਲ ਹਨ। ਇੰਜਨੀਅਰਿੰਗ ਅਤੇ ਮੈਡੀਕਲ ਦਾਖ਼ਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਬਹੁਤੇ ਵਿਦਿਆਰਥੀ ‘ਡਮੀ’ ਵਜੋਂ ਦਾਖ਼ਲਾ ਲੈਣਾ ਪਸੰਦ ਕਰਦੇ ਹਨ ਤਾਂ ਜੋ ਉਹ ਪੂਰੀ ਤਰ੍ਹਾਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ’ਤੇ ਧਿਆਨ ਕੇਂਦਰਿਤ ਕਰ ਸਕਣ। ਉਹ ਜਮਾਤਾਂ ’ਚ ਹਾਜ਼ਰ ਨਹੀਂ ਹੁੰਦੇ ਅਤੇ ਸਿੱਧੇ ਬੋਰਡ ਪ੍ਰੀਖਿਆ ਵਿੱਚ ਸ਼ਾਮਲ ਹੋ ਜਾਂਦੇ ਹਨ ।