ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਨੂੰ ਦੂਜੇ ਸੂਬਿਆਂ ਅਤੇ ਬਾਜ਼ਾਰਾਂ ’ਚ ਲਿਜਾਣ ’ਚ ਮਦਦ ਕਰਨ ਲਈ ਇਕ ਨਵੀਂ ਯੋਜਨਾ ’ਤੇ ਕੰਮ ਕਰ ਰਹੀਆਂ ਹਨ : ਚੌਹਾਨ
ਪੁਣੇ : ਕੇਂਦਰੀ ਖੇਤੀਬਾੜੀ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਨੂੰ ਦੂਜੇ ਸੂਬਿਆਂ ਅਤੇ ਬਾਜ਼ਾਰਾਂ ’ਚ ਲਿਜਾਣ ’ਚ ਮਦਦ ਕਰਨ ਲਈ ਇਕ ਨਵੀਂ ਯੋਜਨਾ ’ਤੇ ਕੰਮ ਕਰ ਰਹੀਆਂ ਹਨ। ਗੋਖਲੇ ਇੰਸਟੀਚਿਊਟ ਆਫ ਪਾਲਿਟਿਕਸ ਐਂਡ ਇਕਨਾਮਿਕਸ (ਏ. ਈ. ਆਰ. ਸੀ.) ਦੇ ਡਾਇਮੰਡ ਜੁਬਲੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਉਤਪਾਦਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਤਕ ਪਹੁੰਚਾਉਣ ਲਈ ਇਕ ਨਵੀਂ ਯੋਜਨਾ ’ਤੇ ਕੰਮ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ ਦੇਸ਼ ਦੀ ਜੀ. ਡੀ. ਪੀ. ’ਚ 18 ਫ਼ੀ ਸਦੀ ਯੋਗਦਾਨ ਪਾਉਂਦਾ ਹੈ ਅਤੇ ਸਰਕਾਰ ਇਸ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਚੀਜ਼ਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਰੋਕਣ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਵਲ ਵਧਣਾ ਸਮੇਂ ਦੀ ਲੋੜ ਹੈ ਅਤੇ ਸਾਨੂੰ ਇਸ ਨੂੰ ਪੂਰੀ ਸਮਰੱਥਾ ਨਾਲ ਅੱਗੇ ਵਧਾਉਣਾ ਹੋਵੇਗਾ।ਉਨ੍ਹਾਂ ਕਿਹਾ ਕਿ 25 ਦਸੰਬਰ ਨੂੰ ਨਦੀਆਂ ਨੂੰ ਜੋੜਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। ਚੌਹਾਨ ਨੇ ਘੱਟ ਪਾਣੀ ਨਾਲ ਵਧੇਰੇ ਸਿੰਚਾਈ ਕਰਨ ਲਈ ਤਕਨੀਕਾਂ ਵਿਕਸਤ ਕਰਨ ਦਾ ਸੱਦਾ ਦਿਤਾ। ਮੰਤਰੀ ਨੇ ਕਿਹਾ ਕਿ ਪ੍ਰਯੋਗਸ਼ਾਲਾ ਦੇ ਕੰਮ ਨੂੰ ਖੇਤਾਂ ਤਕ ਲਿਜਾਣ ਦੀ ਜ਼ਰੂਰਤ ਹੈ ਅਤੇ ਖੋਜਕਰਤਾਵਾਂ ਨੂੰ ਸਿਰਫ ਪ੍ਰਯੋਗਸ਼ਾਲਾਵਾਂ ਤਕ ਸੀਮਤ ਨਹੀਂ ਰਹਿਣਾ ਚਾਹੀਦਾ।ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਨਾਲ ਸਬੰਧਤ ਜਾਣਕਾਰੀ ਸਿਰਫ ਅੰਗਰੇਜ਼ੀ ਭਾਸ਼ਾ ਤਕ ਸੀਮਤ ਨਹੀਂ ਹੋਣੀ ਚਾਹੀਦੀ ਅਤੇ ਇਸ ਨੂੰ ਵੱਖ-ਵੱਖ ਭਾਸ਼ਾਵਾਂ ’ਚ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪ੍ਰਯੋਗਸ਼ਾਲਾਵਾਂ ਅਤੇ ਫਾਰਮਾਂ ਵਿਚਕਾਰ ਫ਼ਰਕ ਨੂੰ ਪੂਰਾ ਕੀਤਾ ਜਾ ਸਕੇ।