ਚੰਦਰਬਾਬੂ ਨਾਇਡੂ ਸਭ ਤੋਂ ਅਮੀਰ ਤੇ ਮਮਤਾ ਗ਼ਰੀਬ ਮੁੱਖ ਮੰਤਰੀ : ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਰਜ਼
ਨਵੀਂ ਦਿੱਲੀ : ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਰਜ਼ (ਏ. ਡੀ. ਆਰ.) ਦੀ ਅੱਜ ਜਾਰੀ ਰਿਪੋਰਟ ਵਿੱਚ ਕੀਤੇ ਗਏ ਖੁਲਾਸੇ ਮੁਤਾਬਕ ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਜਿਨ੍ਹਾਂ ਕੋਲ 931 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ ਤੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਕੋਲ ਸਿਰਫ਼ 15 ਲੱਖ ਰੁਪਏ ਦੀ ਸੰਪਤੀ ਹੀ ਹੈ, ਜਿਸ ਨਾਲ ਚੰਦਰਬਾਬੂ ਨਾਇਡੂ ਭਾਰਤ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਹਨ ਤੇ ਮਮਤਾ ਬੈਨਰਜ਼ੀ ਸਭ ਤੋਂ ਗਰੀਬ ਮੁੱਖ ਮੰਤਰੀ ਹਨ। ਇਥੇ ਹੀ ਬਸ ਨਹੀਂ ਏ. ਡੀ. ਆਰ. ਦੀ ਰਿਪੋਰਟ ਮੁਤਾਬਕ ਸੂਬੇ ਅਤੇ ਕੇਂਦਰੀ ਸ਼ਾਸਿਤ ਸੂਬਿਆਂ ਦੇ ਹਰੇਕ ਮੁੱਖ ਮੰਤਰੀ ਦੀ ਔਸਤ ਸੰਪਤੀ 52.59 ਕਰੋੜ ਰੁਪਏ ਹੈ। 31 ਮੁੱਖ ਮੰਤਰੀਆਂ ਕੋਲ 1630 ਕਰੋੜ ਰੁਪਏ ਦੀ ਕੁੱਲ ਸੰਪਤੀ ਹੈ। ਵਿੱਤੀ ਸਾਲ 2023-24 ਦੌਰਾਨ ਭਾਰਤ ਦੀ ਪ੍ਰਤੀ ਵਿਅਕਤੀ ਸ਼ੁੱਧ ਕੌਮੀ ਆਮਦਨ ਜਾਂ ਐੱਨ. ਐੱਨ. ਆਈ. 1,85,854 ਰੁਪਏ ਸੀ ਜਦੋਂਕਿ ਇੱਕ ਮੁੱਖ ਮੰਤਰੀ ਦੀ ਔਸਤ ਖੁਦ ਦੀ ਆਮਦਨ 13,64,310 ਰੁਪਏ ਹੈ। ਇਹ ਭਾਰਤ ਦੀ ਔਸਤ ਪ੍ਰਤੀ ਵਿਅਕਤੀ ਆਮਦਨ ਤੋਂ ਲਗਪਗ 7.3 ਗੁਣਾਂ ਵੱਧ ਹੈ। ਅਰੁਣਾਚਲ ਪ੍ਰਦੇਸ਼ ਦੇ ਪੇਮਾ ਖਾਂਡੂ ਦੂਜੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਉਨ੍ਹਾਂ ਕੋਲ ਕੁੱਲ 332 ਕਰੋੜ ਰੁਪਏ ਦੀ ਜਾਇਦਾਦ ਹੈ। ਇਸੇ ਤਰ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ 51 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਨਾਲ ਤੀਜੇ ਨੰਬਰ ’ਤੇ ਹਨ।ਗ਼ਰੀਬ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਜੰਮੂ ਕਸ਼ਮੀਰ ਦੇ ਉਮਰ ਅਬਦੁੱਲਾ ਦੂਜੇ ਨੰਬਰ ’ਤੇ ਹਨ। ਉਨ੍ਹਾਂ ਕੋਲ 55 ਲੱਖ ਰੁਪਏ ਦੀ ਜਾਇਦਾਦ ਹੈ। ਇਸ ਸੂਚੀ ਵਿੱਚ ਪਿਨਾਰਾਈ ਵਿਜਯਨ ਤੀਸਰੇ ਨੰਬਰ ’ਤੇ ਹਨ। ਉਨ੍ਹਾਂ ਕੋਲ 1.18 ਕਰੋੜ ਰੁਪਏ ਦੀ ਜਾਇਦਾਦ ਹੈ। ਰਿਪੋਰਟ ਮੁਤਾਬਕ ਪੇਮਾ ਖਾਂਡੂ ’ਤੇ ਸਭ ਤੋਂ ਵੱਧ 180 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਹਨ। ਸਿੱਧਾਰਮੱਈਆ ’ਤੇ 23 ਕਰੋੜ ਰੁਪਏ ਅਤੇ ਨਾਇਡੂ ’ਤੇ ਦਸ ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਹਨ।