ਨਰਾਇਣ ਸਿੰਘ ਚੌੜਾ ਨੂੰ ਸਿੱਖ ਪੰਥ `ਚੋਂ ਛੇਕਣ ਦੀ ਮੰਗ ’ਤੇ ਫ਼ੈਸਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ’ਚ ਲਿਆ ਜਾਵੇਗਾ : ਜਥੇਦਾਰ ਅਕਾਲ ਤਖਤ ਸਾਹਿਬ
ਫ਼ਤਹਿਗੜ੍ਹ ਸਾਹਿਬ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਸਿੱਖ ਪੰਥ ਵਿੱਚੋਂ ਛੇਕਣ ਦੀ ਮੰਗ ’ਤੇ ਫ਼ੈਸਲਾ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ। ਗੁਰਦਆਰਾ ਜੋਤੀ ਸਰੂਪ ਸਾਹਿਬ ਵਿਖੇ ਵਿਖੇ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰ ਕੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਨਿਊਜੀਲੈਂਡ ਵਾਸੀ ਮਲਕੀਤ ਸਿੰਘ ਦਾ ਸਨਮਾਨ ਕਰਨ ਉਪਰੰਤ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਚੌੜਾ ਸੰਬੰਧੀ ਸਿੰਘ ਸਾਹਿਬਾਨ ਦੀ ਮੀਟਿੰਗ ਕਰ ਕੇ ਹੀ ਕੋਈ ਫੈਸਲਾ ਲਿਆ ਜਾ ਸਕਦਾ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਰਾਇਣ ਸਿੰਘ ਚੌੜਾ ਨੇ ਉਦੋਂ ਗੋਲੀ ਚਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਉੱਥੇ ਚੋਬਦਾਰ ਵਜੋਂ ‘ਸੇਵਾ’ ਨਿਭਾ ਰਹੇ ਸਨ ।
ਗਿਆਨੀ ਰਘਬੀਰ ਸਿੰਘ ਨੇ ਸ਼ਹੀਦੀ ਪੰਦਰਵਾੜਾ ਬਾਰੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਆ ਰਹੇ ਸ਼ਹੀਦੀ ਪੰਦਰ੍ਹਵਾੜਾ ਵੈਰਾਗਮਈ ਰੂਪ ਵਿੱਚ ਸਾਦਗੀ ਤੇ ਸਤਿਕਾਰ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮਨਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸਿੱਖਾਂ ਦੇ ਵਿਆਹ ਨਾ ਰੱਖੇ ਜਾਣ, ਜਨਮ ਦਿਨ ਨਾ ਮਨਾਏ ਜਾਣ । ਸ੍ਰੀ ਚਮਕੌਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਵਿਖੇ ਨਾਮ ਜਪਦੇ ਹੋਏ ਸ਼ਰਧਾ ਤੇ ਸਤਿਕਾਰ ਨਾਲ ਆਇਆ ਜਾਵੇ। ਹੁੱਲੜਬਾਜ਼ੀ ਤੋਂ ਦੂਰ ਰਿਹਾ ਜਾਵੇ । ਇਸ ਮੌਕੇ ਉਨ੍ਹਾਂ ਗਿਆਨੀ ਰਘਬੀਰ ਸਿੰਘ ਨੇ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰ ਕੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਮਲਕੀਤ ਸਿੰਘ ਜੋ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਬੌੜ ਦੇ ਵਾਸੀ ਹਨ, ਦਾ ਸਨਮਾਨ ਵੀ ਕੀਤਾ । ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਮਲਕੀਤ ਸਿੰਘ ਦੀ ਇਸ ਪ੍ਰਾਪਤੀ ਨੇ ਸਮੁੱਚੀ ਸਿੱਖ ਕੌਮ ਦਾ ਮਾਣ ਵਧਾਇਆ ਹੈ। ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਵੀ ਕਈ ਸਿੱਖਾਂ ਨੇ ਇਹ ਚੋਟੀ ਸਰ ਕੀਤੀ ਹੈ ਪਰ ਅੰਮ੍ਰਿਤਧਾਰੀ ਸਿੱਖ ਵਜੋਂ ਇਸ ਚੋਟੀ ’ਤੇ ਚੜ੍ਹਨ ਵਾਲੇ ਉਹ ਪਹਿਲੇ ਸਿੱਖ ਹਨ । ਉਨ੍ਹਾਂ ਨੇ ਦੋ ਸਾਲਾਂ ਦੀ ਸਖ਼ਤ ਮਿਹਨਤ ਅਤੇ ਇੱਕ ਸਾਲ ਦੀ ਸਿਖਲਾਈ ਦੇ ਬਾਅਦ ਇਹ ਸਫ਼ਲਤਾ ਹਾਸਲ ਕੀਤੀ ਹੈ। ਇਸ ਯਾਤਰਾ ਲਈ ਉਨ੍ਹਾਂ ਨੇ ਲਗਪਗ ਡੇਢ ਲੱਖ ਨਿਊਜ਼ੀਲੈਂਡ ਡਾਲਰ ਖ਼ਰਚੇ, ਜਿਸ ਲਈ ਉਨ੍ਹਾਂ ਨੂੰ ਆਪਣਾ ਅੱਧਾ ਘਰ ਵੇਚਣਾ ਪਿਆ। ਗਿਆਨੀ ਰਘਵੀਰ ਸਿੰਘ ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਗੁੰਬਦ ਦੀ ਸੋਨੇ ਦੇ ਪਤਰੇ ਚੜਾਉਣ ਵਾਲੇ ਸ਼ਰਧਾਲੂਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬਾਨ ਗਿਆਨੀ ਹਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਲਕਾ ਇੰਚਾਰਜ ਸ੍ਰੀ ਫ਼ਤਹਿਗੜ੍ਹ ਸਾਹਿਬ ਜਗਦੀਪ ਸਿੰਘ ਚੀਮਾ, ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ, ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਕੁਲਵਿੰਦਰ ਸਿੰਘ ਚੀਮਾ ਮੈਨੇਜਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਬਲਜਿੰਦਰ ਸਿੰਘ ਬੋੜ ਸਾਬਕਾ ਚੇਅਰਮੈਨ, ਗੁਰਿੰਦਰਪਾਲ ਸਿੰਘ ਲੰਬੜਦਾਰ, ਸੁਖਵਿੰਦਰ ਸਿੰਘ ਜ਼ੈਲਦਾਰ ਆਦਿ ਮੌਜੂਦ ਸਨ ।