ਡਾਕਟਰ ਮਨਮੋਹਨ ਸਿੰਘ ਦੀ ਬਾਕੀ ਪ੍ਰਧਾਨ ਮੰਤਰੀਆਂ ਬਰਾਬਰ ਢੁਕਵੀਂ ਯਾਦਗਾਰ ਬਣਾਈ ਜਾਵੇ : ਰੰਧਾਵਾ
ਅੰਤਿਮ ਸੰਸਕਾਰ ਉਸੀ ਜਗ੍ਹਾ ਤੇ ਹੋਣਾ ਚਾਹੀਦਾ ਸੀ
ਪਟਿਆਲਾ, 28 ਦਸੰਬਰ : ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਰਤ ਸਰਕਾਰ ਤੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀਆਂ ਵਾਂਗ ਡਾਕਟਰ ਮਨਮੋਹਨ ਦੀ ਅੰਤਿਮ ਦਾਹ ਸੰਸਕਾਰ ਵਾਲੀ ਜਗ੍ਹਾ ਤੇ ਹੀ ਉਨ੍ਹਾਂ ਦਾ ਯਾਦਗਾਰੀ ਸਥਲ ਬਣਾਉਣ ਦੀ ਅਪੀਲ ਕੀਤੀ ਸੀ ਪਰ ਮੋਦੀ ਸਰਕਾਰ ਨੇ ਇਹ ਮੰਗ ਠੁਕਰਾ ਦਿੱਤੀ । ਸੋ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਆਮ ਲੋਕਾਂ ਦੀਆਂ ਤਰ੍ਹਾਂ ਹੀ ਨਿਗਮ ਬੋਧ ਦੇ ਸਾਂਝੇ ਸ਼ਮਸ਼ਾਨ ਘਾਟ ਵਿਖੇ ਹੋ ਰਿਹਾ ਹੈ । ਬੀਬੀ ਰੰਧਾਵਾ ਨੇ ਕਿਹਾ ਕਿ ਇਹ ਅਤਿਅੰਤ ਨਿੰਦਣਯੋਗ ਹੈ ਕਿ ਕੇਂਦਰ ਸਰਕਾਰ ਨੇ ਡਾ. ਮਨਮੋਹਨ ਸਿੰਘ ਜੀ ਦੇ ਪਰਿਵਾਰ ਅਤੇ ਕਾਂਗਰਸ ਪਾਰਟੀ ਦੀ ਬੇਨਤੀ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਅਜਿਹੇ ਸਥਾਨ `ਤੇ ਕਰਨ ਦੀ ਮੰਗ ਨੂੰ ਠੁਕਰਾ ਦਿੱਤਾ ਹੈ ਜਿੱਥੇ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਨੂੰ ਯਾਦ ਕਰਨ ਲਈ ਇਕ ਢੁਕਵੀਂ ਅਤੇ ਇਤਿਹਾਸਕ ਯਾਦਗਾਰ ਬਣਾਈ ਜਾ ਸਕਦੀ ਸੀ । ਇਹ ਸਥਾਨ ਰਾਜ ਘਾਟ ਹੋਣਾ ਚਾਹੀਦਾ ਸੀ। ਇਹ ਪਿਛਲੇ ਸਮੇਂ ਵਿਚ ਚੱਲੀ ਆ ਰਹੀ ਪ੍ਰਥਾ ਅਤੇ ਪਰੰਪਰਾ ਨੂੰ ਧਿਆਨ ਵਿਚ ਰੱਖਦੇ ਹੋਏ ਹੋਣਾ ਚਾਹੀਦਾ ਸੀ ਪਰ ਇਹ ਸਮਝ ਤੋਂ ਬਾਹਰ ਹੈ ਕਿ ਸਰਕਾਰ ਉਸ ਮਹਾਨ ਆਗੂ ਦਾ ਐਨਾ ਨਿਰਾਦਰ ਕਿਉਂ ਕਰ ਰਹੀ ਹੈ ਜੋ ਸਿੱਖ ਕੌਮ ਵਿਚੋਂ ਇਕੋ-ਇਕ ਪ੍ਰਧਾਨ ਮੰਤਰੀ ਬਣੇ ਸਨ । ਫਿਲਹਾਲ, ਨਿਗਮਬੋਧ ਘਾਟ ਦੇ ਸਾਂਝੇ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਜਾਣਾ ਹੈ । ਮੈਂ ਇਹ ਵਿਸ਼ਵਾਸ ਕਰਨ ਵਿਚ ਅਸਮਰੱਥ ਹਾਂ ਕਿ ਭਾਜਪਾ ਸਰਕਾਰ ਦਾ ਪੱਖਪਾਤ ਉਸ ਉੱਚੇ ਵਿਸ਼ਵਵਿਆਪੀ ਕੱਦ ਦੀ ਪੂਰੀ ਤਰ੍ਹਾਂ ਅਣਦੇਖੀ ਕਰਨ ਵਿਚ ਇਸ ਹੱਦ ਤੱਕ ਪਹੁੰਚ ਜਾਵੇਗਾ। ਉਨ੍ਹਾਂ ਡਾ: ਮਨਮੋਹਨ ਸਿੰਘ ਜੀ ਦੀ ਦੂਰ ਅੰਦੇਸ਼ੀ ਸੋਚ ਨੇ ਭਾਰਤ ਨੂੰ ਆਰਥਿਕ ਸੰਕਟ ਚੋ ਕੱਢਿਆ ਜਿਸਦਾ ਆਨੰਦ ਸਮੁੱਚੇ ਭਰਤੀਆਂ ਨੇ ਮਾਣਿਆ ਹੈ ਅਤੇ ਹਮੇਸ਼ਾ ਮਾਣਦੇ ਰਹਿਣਗੇ । ਡਾ. ਮਨਮੋਹਨ ਸਿੰਘ ਨੇ ਦੇਸ਼ ਨੂੰ ਮਹਾਨ ਅੰਤਰਰਾਸ਼ਟਰੀ ਉਚਾਈਆਂ `ਤੇ ਪਹੁੰਚਾਇਆ । ਕਾਂਗਰਸ ਨਾਲ ਸਿਆਸੀ ਮਤਭੇਦਾਂ ਵਾਲੀਆਂ ਪਾਰਟੀਆਂ ਨੂੰ ਵੀ ਡਾ. ਮਨਮੋਹਨ ਸਿੰਘ ਨੇ ਸਭ ਤੋਂ ਉੱਚੇ ਆਦਰ ਵਿਚ ਰੱਖਿਆ ਸੀ ਕਿਉਂਕਿ ਉਹ ਰਾਜਨੀਤੀ ਅਤੇ ਸਿਆਸੀ ਸੰਬੰਧਾਂ ਤੋਂ ਇਲਾਵਾ ਵੀ ਸਭ ਆਗੂਆਂ ਤੇ ਲੋਕਾਂ ਦੀ ਕਦਰ ਕਰਦੇ ਸਨ । ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕਿਹਾ ਸੀ ਕਿ ਜਦੋਂ ਮਨਮੋਹਨ ਸਿੰਘ ਬੋਲਦੇ ਹਨ ਤਾਂ ਪੂਰੀ ਦੁਨੀਆ ਸੁਣਦੀ ਹੈ ।