ਸੰਭਲ ’ਚ ਮੰਦਰ ਖੋਲ੍ਹਣ ਮਗਰੋਂ ਖੂਹ ਵਿੱਚੋਂ ਮਿਲੀਆਂ ਖੰਡਤ ਮੂਰਤੀਆਂ
ਸੰਭਲ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸੰਭਲ ਜਿ਼ਲ੍ਹੇ ’ਚ 46 ਸਾਲਾਂ ਤੱਕ ਬੰਦ ਰਹਿਣ ਮਗਰੋਂ ਪਿਛਲੇ ਹਫ਼ਤੇ ਖੋਲ੍ਹੇ ਗਏ ਭਸਮ ਸ਼ੰਕਰ ਮੰਦਰ ਦੇ ਖੂਹ ’ਚੋਂ ਤਿੰਨ ਖੰਡਤ ਮੂਰਤੀਆਂ ਮਿਲੀਆਂ ਹਨ। ਸ੍ਰੀ ਕਾਰਤਿਕ ਮਹਾਦੇਵ ਮੰੰਦਰ (ਭਸਮ ਸ਼ੰਕਰ ਮੰਦਰ) 13 ਦਸੰਬਰ ਨੂੰ ਮੁੜ ਖੋਲ੍ਹ ਦਿੱਤਾ ਗਿਆ ਸੀ ਜਦੋਂ ਅਧਿਕਾਰੀਆਂ ਨੇ ਕਿਹਾ ਸੀ ਕਿ ਨਾਜਾਇਜ਼ ਕਬਜ਼ਾ ਵਿਰੋਧੀ ਮੁਹਿੰਮ ਦੌਰਾਨ ਉਨ੍ਹਾਂ ਨੂੰ ਇਹ ਢਾਂਚਾ ਮਿਲਿਆ ਸੀ। ਮੰਦਰ ’ਚ ਭਗਵਾਨ ਹਨੂਮਾਨ ਦੀ ਮੂਰਤੀ ਤੇ ਸ਼ਿਵਲਿੰਗ ਸਥਾਪਤ ਸੀ। ਇਹ ਮੰਦਰ 1978 ਤੋਂ ਬੰਦ ਸੀ । ਮੰਦਰ ਕੋਲ ਇੱਕ ਖੂਹ ਵੀ ਹੈ, ਜਿਸ ਨੂੰ ਅਧਿਕਾਰੀਆਂ ਨੇ ਮੁੜ ਖੋਲ੍ਹਣ ਦੀ ਯੋਜਨਾ ਬਣਾਈ ਸੀ।ਸੰਭਲ ਦੇ ਜਿ਼ਲ੍ਹਾ ਅਧਿਕਾਰੀ ਰਾਜੇਂਦਰ ਪੈਂਸੀਆ ਨੇ ਕਿਹਾ, ‘ਪ੍ਰਾਚੀਨ ਮੰਦਰ ਅਤੇ ਜੋ ਖੂਹ ਮਿਲਿਆ ਹੈ ਉਸ ਦੀ ਖੁਦਾਈ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਤਕਰੀਬਨ 10 ਤੋਂ 12 ਫੁੱਟ ਤੱਕ ਖੁਦਾਈ ਕੀਤੀ ਗਈ ਹੈ । ਇਸ ਦੌਰਾਨ ਅੱਜ ਸਭ ਤੋਂ ਪਹਿਲਾਂ ਪਾਰਵਤੀ ਜੀ ਦੀ ਮੂਰਤੀ ਮਿਲੀ, ਜਿਸ ਦਾ ਸਿਰ ਟੁੱਟਿਆ ਹੋਇਆ ਮਿਲਿਆ, ਫਿਰ ਗਣੇਸ਼ ਜੀ ਤੇ ਮਾਤਾ ਲਕਸ਼ਮੀ ਜੀ ਦੀਆਂ ਮੂਰਤੀਆਂ ਮਿਲੀਆਂ । ਇਹ ਪੁੱਛੇ ਜਾਣ ’ਤੇ ਕਿ ਕੀ ਮੂਰਤੀਆਂ ਤੋੜ ਕੇ ਅੰਦਰ ਰੱਖੀਆਂ ਗਈਆਂ ਸਨ, ਉਨ੍ਹਾਂ ਕਿਹਾ ਕਿ ਇਹ ਸਭ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੂਰਤੀਆਂ ਅੰਦਰ ਕਿਸ ਤਰ੍ਹਾਂ ਗਈਆਂ? ਕੀ ਹੋਇਆ ਤੇ ਕੀ ਨਹੀਂ ਹੋਇਆ, ਇਹ ਸਭ ਜਾਂਚ ਮਗਰੋਂ ਪਤਾ ਲੱਗੇਗਾ । ਨਾਜਾਇਜ਼ ਕਬਜ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਖੁਦ ਹੀ ਕਬਜ਼ੇ ਹਟਾ ਲਏ, ਕੁਝ ਨੂੰ ਅਪੀਲ ਕੀਤੀ ਗਈ ਹੈ। ਅਗਲੇਰੀ ਪ੍ਰਕਿਰਿਆ ਅਪਣਾਈ ਜਾਵੇਂ ਅਤੇ ਫਿਰ ਨਗਰ ਨਿਗਮ ਦੀ ਮਦਦ ਨਾਲ ਕਬਜ਼ੇ ਹਟਾਏ ਜਾਣਗੇ ।