ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਖੇ ‘ਖੇਤੀ ਦੀ ਅਹਿਮੀਅਤ ਅਤੇ ਸਟੇਟ ਦੀ ਭੂਮਿਕਾ’ ਵਿਸ਼ੇ ਉੱਤੇ ਭਾਸ਼ਣ ਕਰਵਾਇਆ
-ਆਸਟਰੇਲੀਆ ਦੀ ਚਾਰਲਸ ਡਾਰਵਿਨ ਯੂਨੀਵਰਸਿਟੀ ਤੋਂ ਪੁੱਜੀ ਡਾ. ਕਮਲਜੀਤ ਕੇ. ਸੰਘਾ ਨੇ ਦਿੱਤਾ ਭਾਸ਼ਣ
ਪਟਿਆਲਾ, 19 ਦਸੰਬਰ : ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵਿਖੇ ਆਸਟਰੇਲੀਆ ਦੀ ਚਾਰਲਸ ਡਾਰਵਿਨ ਯੂਨੀਵਰਸਿਟੀ ਤੋਂ ਪੁੱਜੇ ਪੰਜਾਬੀ ਮੂਲ ਦੇ ਡਾ. ਕਮਲਜੀਤ ਕੇ. ਸੰਘਾ ਨੇ ‘ਖੇਤੀਬਾੜੀ ਦੀ ਅਹਿਮੀਅਤ ਅਤੇ ਸਟੇਟ ਦੀ ਭੂਮਿਕਾ’ ਵਿਸ਼ੇ ਉੱਤੇ ਵਿਸ਼ੇਸ਼ ਭਾਸ਼ਣ ਦਿੱਤਾ । ਉਨ੍ਹਾਂ ਆਪਣੇ ਭਾਸ਼ਣ ਦੌਰਾਨ ਆਸਟਰੇਲੀਆ ਅਤੇ ਕੁੱਝ ਹੋਰ ਮੁਲਕਾਂ ਵਿੱਚ ਖੇਤੀ ਦੇ ਕਾਰਪੋਰੇਟ ਹੱਥਾਂ ਵਿੱਚ ਚਲੇ ਜਾਣ ਦੇ ਹਵਾਲੇ ਨਾਲ਼ ਦੱਸਿਆ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੇ ਬਹੁਤ ਘਾਤਕ ਸਿੱਟੇ ਨਿਕਲਣਗੇ । ਉਨ੍ਹਾਂ ਕਿਹਾ ਕਿ ਕਾਰਪੋਰੇਟ ਨੇ ਸਿਰਫ਼ ਆਪਣਾ ਮੁਨਾਫ਼ਾ ਵੇਖਣਾ ਹੁੰਦਾ ਹੈ । ਕਾਰਪੋਰੇਟ ਲਈ ਮਨੁੱਖੀ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਕੋਈ ਵੀ ਮਾਇਨੇ ਨਹੀਂ ਹੁੰਦੇ । ਉਨ੍ਹਾਂ ਕਿਹਾ ਕਿ ਖੇਤੀ ਪੰਜਾਬੀਆਂ ਲਈ ਸਿਰਫ਼ ਇੱਕ ਧੰਦਾ ਨਹੀਂ ਬਲਕਿ ਇਹ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹੈ । ਉਨ੍ਹਾਂ ਕਿਹਾ ਕਿ ਖੇਤੀ ਨੂੰ ਬਚਾਉਣ ਲਈ ਸਾਡੀ ਨੌਜਵਾਨ ਪੀੜ੍ਹੀ ਦਾ ਜਾਗਰੂਕ ਹੋਣਾ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਖੇਤ ਦਾ ਸਿਰਫ਼ ਮਾਲਕ ਹੋਣਾ ਹੀ ਕਾਫ਼ੀ ਨਹੀਂ ਹੁੰਦਾ ਬਲਕਿ ਜਮੀਨ ਨਾਲ਼ ਭਾਵਨਾਤਮਕ ਸਾਂਝ ਹੋਣੀ ਅਤੇ ਸਮੇਂ ਦੇ ਹਿਸਾਬ ਨਾਲ਼ ਨਵੇਂ ਵਿਗਿਆਨਕ ਢੰਗ ਲੱਭਣਾ ਅਤੇ ਫਸਲ ਦੇ ਬਦਲਵੇਂ ਹੱਲ ਸੋਚਣਾ ਆਦਿ ਸਮੇਂ ਦੀ ਲੋੜ ਹੈ । ਸਾਨੂੰ ਇਸ ਦਿਸ਼ਾ ਵੱਲ ਵੀ ਧਿਆਨ ਦੇਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਛੋਟਾ ਕਿਸਾਨ ਮੁੱਖ ਤੌਰ ਉੱਤੇ ਖੇਤੀ ਉੱਤੇ ਨਿਰਭਰ ਹੋਣ ਕਾਰਨ ਰਵਾਇਤੀ ਫਸਲ ਚੱਕਰ ਦਾ ਬਦਲ ਸੋਚਣ ਬਾਰੇ ਜੋਖ਼ਮ ਲੈਣ ਵਾਲ਼ੀ ਵਿੱਤੀ ਸਥਿਤੀ ਵਿੱਚ ਨਹੀਂ ਹੁੰਦਾ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਮਦਦ ਕਰਨ ਲਈ ਢੁਕਵੀਂਆਂ ਯੋਜਨਾਵਾਂ ਬਣਾਵੇ ਅਤੇ ਲਾਗੂ ਕਰੇ । ਡਾ. ਸੰਘਾ ਨੇ ਹਰੀ ਕ੍ਰਾਂਤੀ ਦੁਆਰਾ ਫਸਲ ਦੀ ਪੈਦਾਵਾਰ ਵਧਾਉਣ ਵਿੱਚ ਸ਼ੁਰੂਆਤੀ ਸਫਲਤਾ ‘ਤੇ ਵਿਚਾਰ ਕੀਤਾ ਅਤੇ ਚਿੰਤਾ ਜ਼ਾਹਰ ਕੀਤੀ ਕਿ ਕੀਟਨਾਸ਼ਕਾਂ ਅਤੇ ਖਾਦਾਂ ਦੀ ਜ਼ਿਆਦਾ ਵਰਤੋਂ ਨੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਮਿੱਟੀ ਦੀ ਸਿਹਤ ਵਿੱਚ ਗਿਰਾਵਟ ਆਈ ਹੈ, ਜਿਸ ਨਾਲ ਲੰਬੇ ਸਮੇਂ ਦੀ ਖੇਤੀਬਾੜੀ ਉਤਪਾਦਕਤਾ ਨੂੰ ਖ਼ਤਰਾ ਹੈ । ਇਸ ਕਰਕੇ ਉਹਨਾਂ ਨੇ ਖੇਤੀ ਦੇ ਕੁਦਰਤੀ ਪੱਖ ਤੇ ਵੀ ਧਿਆਨ ਦੇਣ ਤੇ ਜ਼ੋਰ ਦਿੱਤਾ ।
ਵਿਭਾਗ ਮੁਖੀ ਪ੍ਰੋ. ਪਰਮਜੀਤ ਕੌਰ ਗਿੱਲ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਵਿਸ਼ੇ ਨਾਲ਼ ਸੰਬੰਧਤ ਟਿੱਪਣੀਆਂ ਕੀਤੀਆਂ । ਉਨ੍ਹਾਂ ਕਿਹਾ ਕਿ ਭੋਜਨ ਸੁਰੱਖਿਆ ਅਤੇ ਵਾਤਾਵਰਣੀ ਮੁੱਦਿਆਂ ਦੇ ਲਿਹਾਜ਼ ਨਾਲ਼ ਖੇਤੀ ਦਾ ਖੇਤਰ ਤਰਜੀਹੀ ਅਧਾਰ ਉੱਤੇ ਵਿਚਾਰਿਆ ਜਾਣ ਵਾਲ਼ਾ ਮੁੱਦਾ ਹੈ ਪਰ ਅਫ਼ਸੋਸ ਹੈ ਕਿ ਵਿਸ਼ਵ ਭਰ ਵਿੱਚ ਕਾਰਪੋਰੇਟ ਸੈਕਟਰ ਦੀ ਦਖ਼ਲਅੰਦਾਜ਼ੀ ਕਾਰਨ ਬਹੁਤ ਸਾਰੇ ਦੇਸ ਕਿਸਾਨਾਂ ਨੂੰ ਮਿਲਣ ਵਾਲ਼ੀਆਂ ਜ਼ਰੂਰੀ ਸਬਸਿਡੀਆਂ ਤੋਂ ਕਿਨਾਰਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਅਗਵਾਈ ਵਿੱਚ ਹੋਏ ਕਿਸਾਨ ਅੰਦੋਲਨ ਨੇ ਪੂਰੀ ਦੁਨੀਆਂ ਦਾ ਧਿਆਨ ਖਿੱਚਿਆ ਹੈ । ਡਾ. ਗਿੱਲ ਨੇ ਖੇਤੀ ਨੂੰ ਲੈ ਕਿ ਵੱਖ-ਵੱਖ ਵਿਦਵਾਨਾਂ ਦੁਆਰਾ ਸੁਝਾਏ ਗਏ ਵਿਕੇਂਦਰੀਕਰਨ ਦੇ ਢਾਂਚੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ । ਡਾ. ਗਿੱਲ ਨੇ ਚਿੰਤਾ ਜਾਹਿਰ ਕੀਤੀ ਕਿ ਪੇਂਡੂ ਖੇਤਰਾਂ ਲਈ ਬੁਨਿਆਦੀ ਢਾਂਚਾ ਉਚਿੱਤ ਨਹੀਂ ਹੈ, ਜਿਸ ਕਾਰਨ ਕਿਸਾਨਾਂ ਲਈ ਬਾਜ਼ਾਰਾਂ ਤੱਕ ਪਹੁੰਚਣਾ ਅਤੇ ਆਪਣੀ ਉਪਜ ਨੂੰ ਉਚਿਤ ਕੀਮਤਾਂ ‘ਤੇ ਵੇਚਣਾ ਮੁਸ਼ਕਲ ਹੋ ਜਾਂਦਾ ਹੈ । ਖੇਤੀਬਾੜੀ ਨੀਤੀਆਂ ਅਕਸਰ ਛੋਟੇ-ਪੈਮਾਨੇ ਦੇ ਕਿਸਾਨਾਂ ਦੀ ਬਜਾਏ ਵੱਡੀਆਂ ਕਾਰਪੋਰੇਸ਼ਨਾਂ ਦਾ ਪੱਖ ਪੂਰਦੀਆਂ ਹਨ । ਪ੍ਰੋਗਰਾਮ ਦੌਰਾਨ ਇੱਥੇ ਹਾਜ਼ਿਰ ਰਾਜਨੀਤੀ ਵਿਗਿਆਨ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਖੋਜਾਰਥੀਆਂ ਵੱਲੋਂ ਪ੍ਰੋ. ਸੰਘਾ ਨਾਲ਼ ਸੰਵਾਦ ਰਚਾਉਂਦਿਆਂ ਇਸ ਵਿਸ਼ੇ ਨਾਲ਼ ਜੁੜੇ ਬਹੁਤ ਸਾਰੇ ਅਹਿਮ ਨੁਕਤੇ ਸਾਹਮਣੇ ਲਿਆਂਦੇ । ਧੰਨਵਾਦੀ ਸ਼ਬਦ ਡਾ. ਸ਼ਰਮਾ ਪੂਜਾ ਵੱਲੋਂ ਬੋਲੇ ਗਏ ।