ਸੁਧਾਰ ਦੇਸ਼ ਦੀਆਂ ਰੱਖਿਆ ਤਿਆਰੀਆਂ ’ਚ ਪ੍ਰਗਤੀ ਦੀ ਨੀਂਹ ਰੱਖਣਗੇ : ਰੱਖਿਆ ਮੰਤਰੀ
ਨਵੀਂ ਦਿੱਲੀ : ਭਾਰਤ ਸਰਕਾਰ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੇਂ ਸਾਲ 2025 ਨੂੰ ਰੱਖਿਆ ਸੁਧਾਰਾਂ ਦਾ ਸਾਲ ਐਲਾਨਦਿਆਂ ਕਿਹਾ ਕਿ ਇਸ ਦਾ ਮਕਸਦ ਸੈਨਾ ਦੇ ਤਿੰਨੇ ਬਲਾਂ ਵਿਚਾਲੇ ਤਾਲਮੇਲ ਵਧਾਉਣਾ ਤੇ ਏਕੀਕ੍ਰਿਤ ਕਮਾਨ ਸ਼ੁਰੂ ਕਰਨਾ ਤੇ ਸੈਨਾ ਨੂੰ ਤਕਨੀਕੀ ਤੌਰ ’ਤੇ ਉੱਨਤ ਤੇ ਜੰਗ ਲਈ ਤਿਆਰ ਬਲ ’ਚ ਤਬਦੀਲ ਕਰਨਾ ਹੈ। ਰੱਖਿਆ ਮੰਤਰਾਲੇ ਨੇ ਜਿਨ੍ਹਾਂ ਸੁਧਾਰਾਂ ਦੀ ਯੋਜਨਾ ਬਣਾਈ ਹੈ ਉਸ ਦਾ ਮਕਸਦ ਰੱਖਿਆ ਸਾਜ਼ੋ-ਸਾਮਾਨ ਦੀ ਖਰੀਦ ਪ੍ਰਕਿਰਿਆ ਨੂੰ ਸੁਖਾਲਾ ਤੇ ਸਮਾਂਬੱਧ ਬਣਾਉਣਾ, ਪ੍ਰਮੁੱਖ ਧਿਰਾਂ ਵਿਚਾਲੇ ਸਹਿਯੋਗ ਯਕੀਨੀ ਬਣਾਉਣਾ, ਅੜਿੱਕੇ ਦੂਰ ਕਰਨਾ, ਅਸਮਰੱਥਾ ਖਤਮ ਕਰਨ ਅਤੇ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਹੈ । ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸੁਧਾਰ ਦੇਸ਼ ਦੀਆਂ ਰੱਖਿਆ ਤਿਆਰੀਆਂ ’ਚ ਪ੍ਰਗਤੀ ਦੀ ਨੀਂਹ ਰੱਖਣਗੇ ਅਤੇ 21ਵੀਂ ਸਦੀ ਦੀਆਂ ਚੁਣੌਤੀਆਂ ਵਿਚਾਲੇ ਭਾਰਤ ਦੀ ਸੁਰੱਖਿਆ ਤੇ ਪ੍ਰਭੂਸੱਤਾ ਯਕੀਨੀ ਬਣਾਉਣਗੇ। ਸੈਨਾ ਕਮਾਨ ਨੂੰ ਲੈ ਕੇ ਰੱਖਿਆ ਮੰਤਰਾਲੇ ਦੀ ਇਹ ਯੋਜਨਾ ਇਸ ਲਈ ਅਹਿਮ ਹੈ ਕਿਉਂਕਿ ਇਸ ਨਾਲ 2025 ’ਚ ਸੁਧਾਰ ਲਾਗੂ ਕਰਨ ਦੀ ਯੋਜਨਾ ਦਾ ਸੰਕੇਤ ਮਿਲਦਾ ਹੈ। ਏਕੀਕ੍ਰਿਤ ਸੈਨਾ ਕਮਾਨ ਮਾਡਲ ਤਹਿਤ ਸਰਕਾਰ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਦੀਆਂ ਸਮਰੱਥਾਵਾਂ ਨੂੰ ਏਕੀਕ੍ਰਿਤ ਕਰਨਾ ਅਤੇ ਜੰਗ ਤੇ ਮੁਹਿੰਮਾਂ ਦੌਰਾਨ ਉਨ੍ਹਾਂ ਦੇ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਚਾਹੁੰਦੀ ਹੈ। ਏਕੀਕ੍ਰਿਤ ਸੈਨਾ ਕਮਾਨ ਯੋਜਨਾ ਅਨੁਸਾਰ ਹਰ ਫੌਜੀ ਕਮਾਨ ’ਚ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੀਆਂ ਇਕਾਈਆਂ ਹੋਣਗੀਆਂ ਅਤੇ ਇਹ ਸਾਰੀਆਂ ਇੱਕ ਵਿਸ਼ੇਸ਼ ਭੂਗੋਲਿਕ ਖੇਤਰ ’ਚ ਸੁਰੱਖਿਆ ਚੁਣੌਤੀਆਂ ਨੂੰ ਦੇਖਦਿਆਂ ਇੱਕ ਇਕਾਈ ਵਜੋਂ ਕੰਮ ਕਰਨਗੀਆਂ। ਮੌਜੂਦਾ ਸਮੇਂ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਵੱਖ-ਵੱਖ ਕਮਾਨਾਂ ਹਨ ।