ਭਾਜਪਾ ਦੀ ਪੰਜਾਬ ਮੈਂਬਰਸਿ਼ਪ ਵਿਚ ਸਿਰਫ਼ 6 ਲੱਖ 6 ਹਜ਼ਾਰ ਹੀ ਬਣੇ ਮੈਂਬਰ ਤੇ ਟੀਚਾ ਸੀ 30 ਲੱਖ ਮੈਂਬਰ ਬਣਾਉਣ ਦਾ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੇ ਪ੍ਰੋਗਰਾਮ ’ਚੋਂ ਪੰਜਾਬ ਨੂੰ ਬਾਹਰ ਕਰ ਦਿੱਤਾ ਹੈ। ਪਾਰਟੀ ਨੇ ਪੰਜਾਬ ’ਚ 30 ਲੱਖ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਸੀ ਪਰ ਹੁਣ ਤੱਕ ਸਿਰਫ਼ 6.6 ਲੱਖ ਮੈਂਬਰਸ਼ਿਪ ਫਾਰਮ ਹੀ ਭਰਵਾਏ ਜਾ ਸਕੇ ਹਨ। ਇਹ ਦਰ ਮੁਸ਼ਕਲ ਨਾਲ 22 ਫ਼ੀਸਦੀ ਹੀ ਬਣਦੀ ਹੈ। ਭਾਜਪਾ ਨੇ ਪੰਜਾਬ ’ਚ ਪ੍ਰਦੇਸ਼ ਪ੍ਰਧਾਨ ਅਤੇ ਕੌਮੀ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਲਈ ਰਿਟਰਨਿੰਗ ਅਫ਼ਸਰ ਨਿਯੁਕਤ ਨਹੀਂ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਹਾਲੇ ਅਹੁਦੇ ’ਤੇ ਬਣੇ ਰਹਿਣਗੇ। ਭਾਜਪਾ ਨੂੰ ਸੂਬੇ ’ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਹੋਰ ਕਾਰਨਾਂ ਕਰਕੇ ਨਵੇਂ ਮੈਂਬਰ ਬਣਾਉਣ ’ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ 2 ਸਤੰਬਰ ਤੋਂ ਭਾਜਪਾ ਦੀ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ’ਚ ਪਾਰਟੀ ਦੇ ਕਰੀਬ 18 ਲੱਖ ਮੈਂਬਰ ਸਨ। ਪਾਰਟੀ ਸੂਤਰਾਂ ਨੇ ਮੰਨਿਆ ਕਿ ਪੰਜਾਬ ’ਚ ਮੈਂਬਰਸ਼ਿਪ ਮੁਹਿੰਮ ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ ਜਿਸ ਕਾਰਨ ਅੰਦਰੂਨੀ ਚੋਣ ਅਮਲ ਸ਼ੁਰੂ ਨਹੀਂ ਹੋ ਸਕਿਆ ਹੈ। ਕੁਝ ਆਗੂ ਦੇਰੀ ਲਈ ਪੰਜਾਬ ’ਚ ਪੰਚਾਇਤ, ਵਿਧਾਨ ਸਭਾ ਜ਼ਿਮਨੀ ਚੋਣਾਂ ਅਤੇ ਬਾਅਦ ’ਚ ਨਗਰ ਨਿਗਮ ਚੋਣਾਂ ਨੂੰ ਜ਼ਿੰਮੇਵਾਰ ਮੰਨਦੇ ਹਨ ਪਰ ਕੁਝ ਨੇ ਜ਼ਮੀਨੀ ਪੱਧਰ ’ਤੇ ਜਥੇਬੰਦੀ ਦੇ ਸਬੰਧ ’ਚ ਗੰਭੀਰ ਚੁਣੌਤੀਆਂ ਦਾ ਹਵਾਲਾ ਦਿੱਤਾ ਹੈ ।