ਲੋਕ ਸਮਾਜ ਵਿੱਚੋਂ ਨਫ਼ਰਤ ਤੇ ਵੰਡੀਆਂ ਖ਼ਤਮ ਕਰਨ ਦੇ ਅਹਿਦ ਨਾਲ ਇਸ ਵਿਸ਼ਾਲ ਧਾਰਮਿਕ ਇਕੱਠ ਵਿਚੋਂ ਪਰਤਣ : ਨਰੇਂਦਰ ਮੋਦੀ
ਨਵੀਂ ਦਿੱਲੀ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਗਾਮੀ ‘ਮਹਾ ਕੁੰਭ’ ਨੂੰ ‘ਏਕਤਾ ਦਾ ਮਹਾਕੁੰਭ’ ਕਰਾਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚੋਂ ਨਫ਼ਰਤ ਤੇ ਵੰਡੀਆਂ ਖ਼ਤਮ ਕਰਨ ਦੇ ਅਹਿਦ ਨਾਲ ਇਸ ਵਿਸ਼ਾਲ ਧਾਰਮਿਕ ਇਕੱਠ ਵਿਚੋਂ ਪਰਤਣ।ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਮਹਾਕੁੰਭ ਕਾ ਸ਼ਦੇਸ਼, ਏਕ ਹੋ ਪੂਰਾ ਦੇਸ਼।’’ ਪ੍ਰਯਾਗਰਾਜ ਵਿੱਚ 13 ਜਨਵਰੀ ਤੋਂ ਸ਼ੁਰੂ ਹੋ ਰਹੇ ਮਹਾਕੁੰਭ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਏਕਤਾ ਵਿੱਚ ਅਨੇਕਤਾ’ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮਹਾਕੁੰਭ ਦੀ ਵਿਸ਼ੇਸ਼ਤਾ ਇਸ ਦੀ ਵਿਸ਼ਾਲਤਾ ਵਿੱਚ ਨਹੀਂ, ਬਲਕਿ ਇਸ ਦੀ ਵੰਨ-ਸੁਵੰਨਤਾ ਵਿੱਚੋਂ ਵੀ ਝਲਕਦੀ ਹੈ। ਮਹਾਕੁੰਭ ਜਿਹਾ ਵਿਸ਼ਾਲ ਧਾਰਮਿਕ ਸਮਾਗਮ 12 ਸਾਲਾਂ ਵਿੱਚ ਇਕ ਵਾਰ ਹੁੰਦਾ ਹੈ।
ਸ੍ਰੀ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਭਾਰਤੀ ਸਿਨੇਮਾ ਦੇ ਚਾਰ ਦਿੱਗਜਾਂ ਰਾਜ ਕਪੂਰ, ਮੁਹੰਮਦ ਰਫੀ, ਅੱਕੀਨੈਨੀ ਨਾਗੇਸ਼ਵਰ ਰਾਓ (ਏਐੱਨਆਰ) ਅਤੇ ਤਪਨ ਸਿਨਹਾ ਨੂੰ ਉਨ੍ਹਾਂ ਦੇ ਜਨਮ ਸ਼ਤਾਬਦੀ ਵਰ੍ਹੇ ’ਤੇ ਯਾਦ ਕੀਤਾ। ਉਨ੍ਹਾਂ ਕਿਹਾ, ‘‘ਸਾਲ 2024 ਵਿੱਚ ਅਸੀਂ ਫਿਲਮ ਜਗਤ ਦੀਆਂ ਕਈ ਮਹਾਨ ਹਸਤੀਆਂ ਦੀ 100ਵੀਂ ਜੈਅੰਤੀ ਮਨਾ ਰਹੇ ਹਾਂ। ਇਨ੍ਹਾਂ ਸ਼ਖ਼ਸੀਅਤਾਂ ਨੇ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਈ। ਸਾਡੇ ਪੂਰੇ ਫਿਲਮ ਜਗਤ ਲਈ ਇਨ੍ਹਾਂ ਹਸਤੀਆਂ ਦਾ ਜੀਵਨ ਪ੍ਰੇਰਣ ਵਰਗਾ ਹੈ।ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਸੰਪੰਨ ਹੋਏ ਬਸਤਰ ਓਲੰਪਿਕ 2024 ਖੇਡ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮਾਗਮ ਨੇ ਨੌਜਵਾਨਾਂ ਨੂੰ ਪ੍ਰਤਿਭਾ ਨਿਖਾਰਨ ਤੇ ਨਵੇਂ ਭਾਰਤ ਦੇ ਨਿਰਮਾਣ ਲਈ ਇਕ ਪਲੈਟਫਾਰਮ ਦਿੱਤਾ ਹੈ। ਛੱਤੀਸਗੜ੍ਹ ਸਰਕਾਰ ਨੇ ਪਿਛਲੇ ਮਹੀਨੇ ਇਸੇ ਜ਼ਿਲ੍ਹੇ ਵਿੱਚ ਬਸਤਰ ਓਲੰਪਿਕ 2024 ਕਰਵਾਇਆ ਸੀ। ਇਸ ਬਹੁ ਖੇਡ ਸਮਾਗਮ ਦਾ ਉਦੇਸ਼ ਸਥਾਨਕ ਪ੍ਰਤਿਭਾਵਾਂ ਦੀ ਭਾਲ ਕਰਨਾ, ਨਕਸਲ ਪ੍ਰਭਾਵਿਤ ਬਸਤਰ ਦੇ ਕਬਾਇਲੀ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਕਰਨਾ ਅਤੇ ਲੋਕਾਂ ਤੇ ਪ੍ਰਸ਼ਾਸਨ ਵਿਚਾਲੇ ਸਬੰਧਾਂ ਨੂੰ ਬਿਹਤਰ ਬਣਾਉਣਾ ਸੀ। ਮੋਦੀ ਨੇ ਕਿਹਾ ਕਿ ਇਹ ਇਕ ਨਿਵੇਕਲਾ ਪ੍ਰੋਗਰਾਮ ਹੈ ਅਤੇ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਦੇਸ਼ ਵਿੱਚ ਬਦਲਾਅ ਹੋ ਰਿਹਾ ਹੈ। ਉਨ੍ਹਾਂ ਕਿਹਾ, ‘‘ਪਹਿਲੇ ਬਸਤਰ ਓਲੰਪਿਕ ਰਾਹੀਂ ਬਸਤਰ ਵਿੱਚ ਇਕ ਨਵੀਂ ਕ੍ਰਾਂਤੀ ਆ ਰਹੀ ਹੈ। ਬਸਤਰ ਓਲੰਪਿਕ ਇਕ ਅਜਿਹਾ ਪਲੈਟਫਾਰਮ ਹੈ ਜਿੱਥੇ ਵਿਕਾਸ ਤੇ ਖੇਡ ਇੱਕੋ ਨਾਲ ਮਿਲ ਰਹੇ ਹਨ, ਜਿੱਥੇ ਸਾਡੇ ਨੌਜਵਾਨ ਆਪਣੀ ਪ੍ਰਤਿਭਾ ਨੂੰ ਨਿਖਾਰ ਰਹੇ ਹਨ ਅਤੇ ਇਕ ਨਵੇਂ ਭਾਰਤ ਦਾ ਨਿਰਮਾਣ ਕਰ ਰਹੇ ਹਨ।’’ ਮੋਦੀ ਨੇ ਕਿਹਾ ਕਿ ਇਸ ਸਮਾਗਮ ਦੇ ਪਹਿਲੇ ਸੈਸ਼ਨ ਵਿੱਚ ਸੱਤ ਜ਼ਿਲ੍ਹਿਆਂ ਦੇ 1,65,000 ਖਿਡਾਰੀਆਂ ਨੇ ਹਿੱਸਾ ਲਿਆ ਸੀ।