ਪੁਲਸ ਚੌਂਕੀ ਵਿੱਚ ਧਮਾਕੇ ਦੀ ਗੂੰਜ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ
ਡਰੇ ਲੋਕ ਘਰਾਂ ਵਿਚੋਂ ਨਿਕਲੇ ਬਾਹਰ
ਗੁਰਦਾਸਪੁਰ : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੀ ਪੁਲਿਸ ਚੌਂਕੀ ਵਡਾਲਾ ਬਾਂਗਰ ਵਿੱਚ ਦੇਰ ਰਾਤ ਬਲਾਸਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਤ ਨੌ ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਨਾਲ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਤੇ ਥੋੜੀ ਦੇਰ ਬਾਅਦ ਹੀ ਲੋਕ ਘਰਾਂ ਵਿੱਚੋਂ ਨਿਕਲ ਕੇ ਚੋਂਕੀ ਦੇ ਬਾਹਰ ਏ ਇਕੱਠੇ ਹੋਣੇ ਸ਼ੁਰੂ ਹੋ ਗਏ । ਸਥਾਨਕ ਲੋਕਾਂ ਵੱਲੋਂ ਘਰਾਂ ਤੋਂ ਬਾਹਰ ਨਿਕਲੇ ਲੋਕਾਂ ਦੀ ਵੀਡੀਓ ਵੀ ਬਣਾ ਕੇ ਵਾਇਰਲ ਕੀਤੀ ਗਈ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਉੱਥੇ ਹੀ ਦੇਰ ਰਾਤ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਵਲੋਂ ਹਾਲਾਤਾਂ ਦਾ ਜਾਇਜਾ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੌਂਕੀ 10 ਦਿਨ ਤੋਂ ਬੰਦ ਪਈ ਸੀ। ਵਡਾਲਾ ਬਾਂਗਰ ਚੌਂਕੀ ਜਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਕਰੀਬ ਪੈਂਦੀ ਹੈ। ਪੁਲਸ ਅਧਿਕਾਰੀਆਂ ਨੇ ਧਮਾਕੇ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਫਿਲਹਾਲ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਧਮਾਕਾ ਕਿਸ ਚੀਜ਼ ਦਾ ਹੈ।
ਮੌਕੇ ਤੇ ਪਹੁੰਚੇ ਡੀ. ਐਸ. ਪੀ. ਗੁਰਵਿੰਦਰ ਸਿੰਘ ਅਨੁਸਾਰ ਆਲੇ ਦੁਆਲੇ ਦੇ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ । ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੋ ਦਿਨ ਪਹਿਲਾਂ ਹੀ ਮੰਗਲਵਾਰ ਰਾਤ 10 ਵਜੇ ਦੇ ਕਰੀਬ ਕਲਾਨੌਰ ਥਾਣੇ ਦੇ ਹੀ ਤਹਿਤ ਪੈਂਦੀ ਭਿਖਾਰੀਵਾਲ ਚੌਂਕੀ ਵਿਖੇ ਵੀ ਧਮਾਕਾ ਹੋਇਆ ਸੀ, ਜਿਸ ਦੀ ਜਿੰਮੇਵਾਰੀ ਖਾਲੀਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਲਈ ਗਈ ਸੀ ਅਤੇ ਜਸਵਿੰਦਰ ਸਿੰਘ ਮਨੂ ਅਗਵਾਨ ਨਾਂ ਦੇ ਵਿਅਕਤੀ ਵੱਲੋਂ ਹੋਰ ਧਮਾਕੇ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ। ਦੂਜੇ ਪਾਸੇ ਐਸ. ਐਸ. ਪੀ. ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਨੇ ਕਿਹਾ ਕਿ ਮੌਕੇ ਦੇ ਹਾਲਾਤ ਜਾਂਚ ਤੋਂ ਬਾਅਦ ਅਜਿਹਾ ਕੋਈ ਸਬੂਤ ਨਾਲ ਨਹੀਂ ਮਿਲਿਆ ਜਿਸ ਨਾਲ ਇਹ ਕਿਹਾ ਜਾਵੇ ਕਿ ਇੱਥੇ ਕੋਈ ਵਿਸਫੋਟਕ ਧਮਾਕਾ ਹੋਇਆ ਹੈ । ਮੌਕੇ ਤੇ ਇੱਕ ਸ਼ੀਸ਼ਾ ਟੁੱਟਿਆ ਪਾਇਆ ਗਿਆ ਤੇ ਇੱਕ ਇੱਟ ਵੀ ਵੇਖੀ ਗਈ ਹੈ ਪਰ ਵਿਸਫੋਟਕ ਨਾਲ ਵਿਸਫੋਟ ਹੋਣ ਦੇ ਕੋਈ ਆਸਾਰ ਨਹੀਂ ਹਨ । ਫਿਰ ਵੀ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।