ਬਰਗਾੜੀ ਮਾਮਲੇ ਵਿਚ ਗਵਾਹੀ ਦੇਣ ਲਈ ਪ੍ਰਦੀਪ ਕਲੇਰ ਸਰਕਾਰੀ ਗਵਾਹ ਬਣਨ ਲਈ ਹੋਇਆ ਤਿਆਰ
ਚੰਡੀਗੜ੍ਹ : ਪੰਜਾਬ ਦੇ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਪ੍ਰਦੀਪ ਕਲੇਰ ਡੇਰਾ ਮੁਖੀ ਸੌਦਾ ਸਾਧ ਵਿਰੁਧ ਗਵਾਹੀ ਦੇਣ ਲਈ ਤਿਆਰ ਹੋ ਗਿਆ ਹੈ । 9 ਸਾਲ ਪਹਿਲਾਂ ਹੋਈ ਬੇਅਦਬੀ ਦੇ ਮਾਮਲੇ ਵਿਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਖੇ ਸ਼ੁਰੂ ਹੋਏ ਟਰਾਇਲ ਦੀ ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਪੁਲਸ ਦੀ ਸਿੱਟ ਨੇ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਦਾਖ਼ਲ ਕਰ ਕੇ ਕਿਹਾ ਹੈ ਕਿ ਮੁਲਜ਼ਮ ਪ੍ਰਦੀਪ ਕਲੇਰ ਮੁਲਜ਼ਮ ਵਿਰੁਧ ਗਵਾਹੀ ਦੇਣ ਦਾ ਇੱਛੁਕ ਹੈ ਇਸ ਲਈ ਉਸ ਨੂੰ ਸਰਕਾਰੀ ਗਵਾਹ ਬਨਾਉਣ ਦੀ ਮੰਜ਼ੂਰੀ ਦਿਤੀ ਜਾਵੇ। ਇਸ ਅਰਜ਼ੀ ’ਤੇ ਅਗਲੀ ਸੁਣਵਾਈ 9 ਜਨਵਰੀ ਨੂੰ ਹੋਵੇਗੀ । ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ । ਪੰਜਾਬ ਪੁਲਸ ਨੇ ਇਸ ਮਾਮਲੇ ਦੀ ਜਾਂਚ ਲਈ ਐਸ. ਆਈ. ਟੀ. ਐਸ. ਆਈ. ਟੀ. ਨੇ ਇਸ ਮਾਮਲੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਕਈ ਹੋਰ ਮੁਲਜ਼ਮਾਂ ਵਿਰੁਧ ਤਿੰਨ ਕੇਸ ਦਰਜ ਕੀਤੇ ਗਏ ਸੀ । ਇਨ੍ਹਾਂ ਤਿੰਨਾਂ ਕੇਸਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਚੰਡੀਗੜ੍ਹ ਤਬਦੀਲ ਕਰ ਦਿਤਾ ਗਿਆ ਸੀ। ਐਸ. ਆਈ. ਟੀ. ਨੇ ਇਸ ਮਾਮਲੇ ਵਿਚ ਸੌਦਾ ਸਾਧ ਨੂੰ ਮੁੱਖ ਸਾਜ਼ਸ਼ਕਰਤਾ ਦਸਿਆ ਸੀ। ਇਸ ਦੇ ਨਾਲ ਹੀ ਪ੍ਰਦੀਪ ਕਲੇਰ ਵੀ ਮੁੱਖ ਸਾਜ਼ਸ਼ਕਾਰਾਂ ਵਿਚ ਸ਼ਾਮਲ ਸੀ । ਉਹ ਸੌਦਾ ਸਾਧ ਦੇ ਡੇਰੇ ਵਿਚ ਠਹਿਰਿਆ ਹੋਇਆ ਸੀ । ਇਸ ਸਾਲ ਉਸ ਨੇ ਮੈਜਿਸਟਰੇਟ ਦੇ ਸਾਹਮਣੇ ਸੌਦਾ ਸਾਧ ਅਤੇ ਹਨੀਪ੍ਰੀਤ ਦੇ ਵਿਰੁਧ ਬਿਆਨ ਦਿਤੇ, ਇਸ ਲਈ ਹੁਣ ਸਿੱਟ ਉਸ ਨੂੰ ਸਰਕਾਰੀ ਗਵਾਹ ਬਣਾਉਣ ਜਾ ਰਹੀ ਹੈ । ਅੱਜ ਸੌਦਾ ਸਾਧ ਨੂੰ ਰੋਹਤਕ ਦੀ ਸੁਨਾਰੀਆ ਜੇਲ ਤੋਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ । ਸੌਦਾ ਸਾਧ ਨੇ ਪੁਲਿਸ ਚਲਾਨ ਨਾਲ ਸਬੰਧਤ ਕੁਝ ਦਸਤਾਵੇਜ਼ ਮੁਹਈਆ ਕਰਵਾਉਣ ਲਈ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਇਸ ਦੇ ਨਾਲ ਹੀ ਪ੍ਰਦੀਪ ਕਲੇਰ ਵੀ ਅਦਾਲਤ ਵਿਚ ਪੇਸ਼ ਹੋੋਇਆ । ਉਹ ਲੰਮੇ ਸਮੇਂ ਤੋਂ ਭਗੌੜਾ ਸੀ ਅਤੇ ਪਿਛਲੇ ਸਾਲ ਫ਼ਰਵਰੀ ਵਿਚ ਫ਼ਰੀਦਕੋਟ ਪੁਲਿਸ ਨੇ ਉਸ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਸੀ । ਗ੍ਰਿਫ਼ਤਾਰੀ ਤੋਂ ਕੁਝ ਸਮੇਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਨ੍ਹਾਂ ਤਿੰਨਾਂ ਕੇਸਾਂ ਦੀ ਸੁਣਵਾਈ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਕਰੀਬ ਛੇ ਮਹੀਨੇ ਲਈ ਰੋਕੀ ਗਈ ਸੀ ਪਰ ਹਾਲ ਹੀ ਵਿਚ ਸੁਪਰੀਮ ਕੋਰਟ ਵਲੋਂ ਰੋਕ ਹਟਾਏ ਜਾਣ ’ਤੇ ਜ਼ਿਲ੍ਹਾ ਅਦਾਲਤ ਵਿਚ ਇਨ੍ਹਾਂ ਕੇਸਾਂ ਦੀ ਸੁਣਵਾਈ ਸ਼ੁਰੂ ਹੋ ਗਈ ਹੈ ।