ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਲ 2021 `ਚ ਥਾਣੇ ’ਚ ਹੋਈ ਨੌਜਵਾਨ ਦੀ ਮੌਤ ਦੀ ਜਾਂਚ ਕੀਤੀ ਪਟੀਸ਼ਨਰ ਦੀ ਦਲੀਲ ਤੇ ਪੰਜਾਬ ਦੀ ਥਾਂ ਹਰਿਆਣਾ ਪੁਲਸ ਹਵਾਲੇ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਲ 2021 ’ਚ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਥਾਣੇ ’ਚ ਕਥਿਤ ਹਿਰਾਸਤ ’ਚ ਤਸੀਹਿਆਂ ਤੋਂ ਬਾਅਦ ਹੋਈ ਨੌਜਵਾਨ ਦੀ ਮੌਤ ਦੀ ਜਾਂਚ ਹਰਿਆਣਾ ਦੀ ਆਈ. ਪੀ. ਐੱਸ. ਅਧਿਕਾਰੀ ਹਿਮਾਦਰੀ ਕੌਸ਼ਿਕ ਨੂੰ ਸੌਂਪ ਦਿੱਤੀ ਹੈ, ਜੋ ਇਸ ਸਮੇਂ ਹਰਿਆਣਾ ਦੇ ਪੰਚਕੂਲਾ ’ਚ ਡੀ. ਸੀ. ਪੀ. ਦੇ ਅਹੁਦੇ ’ਤੇ ਤਾਇਨਾਤ ਹਨ। ਜਸਟਿਸ ਵਿਨੋਦ ਐੱਸ ਭਾਰਦਵਾਜ ਨੇ ਕਿਹਾ ਕਿ ਇਸ ਕੋਰਟ ਨੇ ਪੰਜਾਬ ਸਰਕਾਰ ਦੇ ਰੁਖ਼ ’ਤੇ ਗੌਰ ਕੀਤਾ ਹੈ, ਪਰ ਉਸਨੇ ਮ੍ਰਿਤਕ ਦੇ ਪੇਟ ਦੇ ਹੇਠਾਂ 23 ਸੱਟਾਂ ਦੇ ਬਾਰੇ ਕਿਤੇ ਵੀ ਸਪੱਸ਼ਟੀਕਰਨ ਨਹੀਂ ਦਿੱਤਾ। ਇਸ ਤਰ੍ਹਾਂ ਸੱਟਾਂ ਇਕ ਪੈਟਰਨ ’ਤੇ ਹਨ, ਨਾ ਕਿ ਹੱਥੋਪਾਈ ਜਾਂ ਲੜਾਈ ’ਚ ਹੋਣ ਵਾਲੀਆਂ ਸੱਟਾਂ। ਇਸਦੇ ਇਲਾਵਾ ਡੀ. ਐੱਸ. ਪੀ. ਨੇ ਐੱਸ. ਐੱਚ. ਓ. ਵਲੋਂ ਪੇਸ਼ ਰਿਪੋਰਟ ਦੇ ਆਧਾਰ ’ਤੇ ਆਪਣਾ ਜਵਾਬ ਦਾਖਲ ਕੀਤਾ ਹੈ, ਜਿਸਦੇ ਖਿਲਾਫ਼ ਦੋਸ਼ ਲਗਾਏ ਗਏ ਹਨ। ਬਾਅਦ ’ਚ ਗਠਿਤ ਐੱਸ. ਆਈ. ਟੀ. ਵੀ ਕੋਈ ਸਹੀ ਸਪੱਸ਼ਟੀਕਰਨ ਨਹੀਂ ਦਿੰਦੀ ਤੇ ਇਹ ਦਿਖਾਵਾ ਲੱਗਦਾ ਹੈ। ਇਹ ਦੇਖਦੇ ਹੋਏ ਕਿ ਪੋਸਟਮਾਰਟਮ ਰਿਪੋਰਟ ’ਚ ਮ੍ਰਿਤਕ ਮਨਪ੍ਰੀਤ ਸਿੰਘ ਉਰਫ ਬਿੱਲਾ ਦੇ ਸਰੀਰ ’ਤੇ 23 ਸੱਟਾਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ਨੂੰ ਤਸੱਲੀਬਖਸ਼ ਰੂਪ ਨਾਲ ਸਪਸ਼ਟ ਨਹੀਂ ਕੀਤਾ ਗਿਆ । ਹਾਈ ਕੋਰਟ ਨੇ ਕਿਹਾ ਕਿ ਮਾਮਲੇ ਦੀ ਸਹੀ ਜਾਂਚ ਦੀ ਲੋੜ ਹੈ । ਹਾਈ ਕੋਰਟ ਇਸ ਮਾਮਲੇ ਦੀ ਇਕ ਸੁਤੰਤਰ ਏਜੰਸੀ ਨੂੰ ਟਰਾਂਸਫਰ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ । ਪਟੀਸ਼ਨਰ ਮਲਕੀਤ ਸਿੰਘ, ਜਿਹੜੇ ਮ੍ਰਿਤਕ ਦੇ ਪਿਤਾ ਹਨ, ਨੇ ਦਲੀਲ ਦਿੱਤੀ ਕਿ ਜੇਕਰ ਜਾਂਚ ਪੰਜਾਬ ਤੋਂ ਬਾਹਰ ਹਰਿਆਣਾ ਦੇ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਟਰਾਂਸਫਰ ਕਰ ਦਿੱਤੀ ਜਾਏ ਤਾਂ ਉਹ ਸੰਤੁਸ਼ਟ ਹੋਣਗੇ ।