ਰੇਲਵੇ ਨੇ ਕਾਲਕਾ ਤੋਂ ਸ਼ਿਮਲਾ ਲਈ ਚਲਾਈ ਨਵੀਂ ਗੱਡੀ
ਸ਼ਿਮਲਾ : ਭਾਰਤ ਦੇਸ਼ ਦੇ ਉੱਤਰ ਰੇਲਵੇ ਨੇ ਅੱਜ ਯੂਨੈਸਕੋ ਵਿਸ਼ਵ ਵਿਰਾਸਤ ਸ਼ਿਮਲਾ-ਕਾਲਕਾ ਤੰਗ ਗੇਜ ਰੇਲਵੇ ਲਾਈਨ ਬਾਰੇ ਨਵੇਂ ਸਾਲ ਅਤੇ ਸਰਦੀਆਂ ਦੇ ਸੀਜ਼ਨ ਲਈ ਵਿਸ਼ੇਸ਼ ਰੇਲਗੱਡੀ ਚਲਾਈ ਹੈ। ਸ਼ਿਮਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਸੰਜੇ ਘੇਰਾ ਨੇ ਦੱਸਿਆ ਕਿ ਇਹ ਰੇਲਗੱਡੀ ਛੁੱਟੀਆਂ ਵਿੱਚ ਸ਼ਿਮਲਾ ਘੁੰਮਣ ਆਉਣ ਵਾਲੇ ਸੈਲਾਨੀਆਂ ਲਈ 28 ਫਰਵਰੀ 2025 ਤੱਕ ਚਲਾਈ ਜਾਵੇਗੀ । ਉਨ੍ਹਾਂ ਕਿਹਾ ਕਿ ਪਹਿਲੇ ਦਿਨ ਅੱਜ 81 ਯਾਤਰੀਆਂ ਨੇ ਇਸ ਰੇਲਗੱਡੀ ਵਿੱਚ ਸਫ਼ਰ ਕੀਤਾ । ਅਨੁਸੂਚੀ ਮੁਤਾਬਕ, ਰੇਲ ਨੰਬਰ 52443 (ਕੇਐੱਲਕੇ-ਐੱਸਐੱਮਐੱਲ) ਕਾਲਕਾ ਤੋਂ ਸਵੇਰੇ 8.05 ਵਜੇ ਚੱਲੇਗੀ ਅਤੇ ਸ਼ਿਮਲਾ ਬਾਅਦ ਦੁਪਹਿਰ 1.35 ਵਜੇ ਪਹੁੰਚੇਗੀ । ਇਕ ਹੋਰ ਰੇਲਗੱਡੀ ਨੰਬਰ 52444 ਸ਼ਿਮਲਾ ਤੋਂ ਸ਼ਾਮ ਨੂੰ 4.50 ਵਜੇ ਚੱਲੇਗੀ ਅਤੇ ਕਾਲਕਾ ਰਾਤ ਨੂੰ 9.45 ਵਜੇ ਪਹੁੰਚੇਗੀ। ਘੇਰਾ ਨੇ ਕਿਹਾ ਕਿ ਛੁੱਟੀਆਂ ਲਈ ਚਲਾਈਆਂ ਜਾਣ ਵਾਲੀਆਂ ਇਨ੍ਹਾਂ ਰੇਲਗੱਡੀਆਂ ਨਾਲ ਨਾ ਸਿਰਫ਼ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਬਲਕਿ ਇਨ੍ਹਾਂ ਨਾਲ ਰੇਲਵੇ ਲਈ ਮਾਲੀਆ ਵੀ ਇਕੱਤਰ ਹੋਵੇਗਾ । ਉਨ੍ਹਾਂ ਕਿਹਾ ਕਿ ਰੇਲਗੱਡੀ ਵਿੱਚ 156 ਯਾਤਰੀ ਸਫ਼ਰ ਕਰ ਸਕਦੇ ਹਨ ।