ਸੀ. ਐਨ. ਜੀ. ਗੈਸ ਨਾਲ ਭਰੇ ਟੈਂਕਰ ਵਿਚ ਧਮਾਕਾ ਹੋਣ ਕਾਰਨ ਲੱਗੀ ਭਿਆਨਕ ਅੱਗ ਨਾਲ ਕਈ ਵਾਹਨ ਚੜ੍ਹੇ ਅੱਗ ਦੀ ਭੇਟ
ਜੈਪੁਰ : ਭਾਰਤ ਦੇਸ਼ ਦੇ ਸ਼ਹਿਰ ਜੈਪੁਰ ਵਿਖੇ ਤੜਕਸਾਰ ਅਜਮੇਰ ਰੋਡ `ਤੇ ਸੀ. ਐਨ. ਜੀ. ਗੈਸ ਨਾਲ ਭਰੇ ਇੱਕ ਟੈਂਕਰ ਵਿਚ ਅਚਾਨਕ ਧਮਾਕਾ ਹੋਣ ਕਾਰਨ ਭਿਆਨਕ ਅੱਗ ਲਗ ਗਈ, ਜਿਸ ਕਾਰਨ ਆਲੇ-ਦੁਆਲੇ ਖੜ੍ਹੇ ਕਈ ਵਾਹਨ ਵੀ ਅੱਗ ਦੀ ਲਪੇਟ ਵਿਚ ਆ ਗਏ। ਕੁਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰ ਲਿਆ। ਇਸ ਨਾਲ ਉਥੇ ਹਫੜਾ-ਦਫੜੀ ਮਚ ਗਈ। ਹਾਦਸੇ `ਚ ਕਈ ਲੋਕਾਂ ਦੇ ਝੁਲਸ ਜਾਣ ਦੀ ਖ਼ਬਰ ਹੈ। ਅੱਗ ਲੱਗਣ ਦੀ ਸੂਚਨਾ ਮਿਲਣ `ਤੇ ਫਾਇਰ ਬ੍ਰਿਗੇਡ ਦੀਆਂ 20 ਤੋਂ ਵੱਧ ਗੱਡੀਆਂ ਮੌਕੇ `ਤੇ ਪਹੁੰਚੀਆਂ ਅਤੇ ਅੱਗ `ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ । ਪੁਲਸ ਮੁਤਾਬਕ ਇਹ ਹਾਦਸਾ ਅਜਮੇਰ ਰੋਡ `ਤੇ ਭੰਕਰੋਟਾ ਇਲਾਕੇ `ਚ ਦਿੱਲੀ ਪਬਲਿਕ ਸਕੂਲ ਨੇੜੇ ਤੜਕੇ ਵਾਪਰਿਆ । ਇੱਥੇ ਸੀਐਨਜੀ ਨਾਲ ਭਰੇ ਇੱਕ ਗੈਸ ਟੈਂਕਰ ਵਿਚ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲਗ ਗਈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ ਅੱਗ ਨੇ ਟੈਂਕਰ ਦੇ ਆਸ-ਪਾਸ ਖੜ੍ਹੀਆਂ 15-20 ਗੱਡੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿੱਥੇ ਇਹ ਹਾਦਸਾ ਵਾਪਰਿਆ ਉਸ ਦੇ ਬਿਲਕੁਲ ਨੇੜੇ ਹੀ ਇੱਕ ਪੈਟਰੋਲ ਪੰਪ ਸੀ। ਖੁਸ਼ਕਿਸਮਤੀ ਰਹੀ ਕਿ ਅੱਗ ਉੱਥੇ ਨਹੀਂ ਪਹੁੰਚੀ । ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤਕ ਦਿਖਾਈ ਦੇ ਰਹੀਆਂ ਸਨ। ਅੱਗ ਲਗਣ ਦੀ ਘਟਨਾ ਵਾਪਰਦੇ ਹੀ ਅਜਮੇਰ ਰੋਡ `ਤੇ ਇਸ ਇਲਾਕੇ `ਚ ਤੇਜ਼ ਰਫ਼ਤਾਰ ਨਾਲ ਚਲ ਰਹੇ ਵਾਹਨਾਂ ਦੇ ਪਹੀਏ ਰੁਕ ਗਏ. ਇਸ ਵਿਅਸਤ ਸੜਕ ’ਤੇ ਕਈ ਕਿਲੋਮੀਟਰ ਲੰਬਾ ਜਾਮ ਲਗਿਆ ਰਿਹਾ । ਵੱਡੇ ਪੱਧਰ `ਤੇ ਅੱਗ ਲਗਣ ਦੀ ਖ਼ਬਰ ਸੁਣ ਕੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਵੀ ਸਹਿਮ ਗਏ। ਤੁਰਤ 20 ਤੋਂ ਵੱਧ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ `ਤੇ ਪਹੁੰਚੀਆਂ ਅਤੇ ਅੱਗ `ਤੇ ਕਾਬੂ ਪਾਉਣ ਦੀ ਕੋਸਿ਼ਸ਼ ਕੀਤੀ।ਅੱਗ ਨੇ ਪੂਰੇ ਇਲਾਕੇ `ਚ ਹਲਚਲ ਮਚਾ ਦਿਤੀ ਅਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਮੌਕੇ `ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੱਡਾ ਇਕੱਠ ਪਹੁੰਚ ਗਿਆ। ਉਸ ਨੇ ਬਚਾਅ ਕਾਰਜ ਸ਼ੁਰੂ ਕਰ ਦਿਤਾ ਪਰ ਅੱਗ ਦੀ ਤੀਬਰਤਾ ਕਾਰਨ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਇਸ ਅੱਗ `ਚ ਕਈ ਲੋਕਾਂ ਦੇ ਸੜਨ ਦਾ ਖ਼ਦਸ਼ਾ ਹੈ। ਉਨ੍ਹਾਂ ਦੀ ਗਿਣਤੀ ਅਜੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਅੱਗ `ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।