ਸ਼ਾਤਰ ਠੱਗਾਂ ਨੇ ਕਾਰੋਬਾਰੀ ਪਤੀ ਪਤਨੀ ਨੂੰ ਚਾਰ ਘੰਟੇ ਕਰਕੇ ਰੱਖਿਆ ਡਿਜੀਟਲ ਅਰੈੱਸਟ
ਗਵਾਲੀਅਰ : ਗਵਾਲੀਅਰ ਸ਼ਹਿਰ ਦੇ ਹਰਸ਼ੰਕਰਪੁਰਮ ਇਲਾਕੇ `ਚ ਰਹਿਣ ਵਾਲੇ ਆਟੋ ਪਾਰਟਸ ਕਾਰੋਬਾਰੀ ਜਸਪਾਲ ਸਿੰਘ ਆਹੂਜਾ ਤੇ ਉਨ੍ਹਾਂ ਦੀ ਪਤਨੀ ਅਮਰਜੀਤ ਸਿੰਘ ਕੌਰ ਨੂੰ ਸ਼ਾਤਰ ਠੱਗਾਂ ਨੇ ਡਿਜੀਟਲ ਅਰੈੱਸਟ ਕਰ ਲਿਆ । ਜੋੜੇ ਨੂੰ ਵੀਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਘਰ ਦੇ ਬੈੱਡਰੂਮ `ਚ ਬੰਧਕ ਬਣਾ ਕੇ ਰੱਖਿਆ ਗਿਆ। ਇਨ੍ਹਾਂ ਨੂੰ ਵੀ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ ਦੇ ਮਨੀ ਲਾਂਡਰਿੰਗ ਕੇਸ `ਚ ਜੁੜੇ ਹੋਣ ਦੀਆਂ ਧਮਕੀਆਂ ਮਿਲੀਆਂ ਸਨ । ਇਹ ਠੱਗ, ਦਿੱਲੀ ਕ੍ਰਾਈਮ ਬ੍ਰਾਂਚ ਦੇ ਡੀ. ਸੀ. ਪੀ. ਬਣ ਕੇ ਵ੍ਹਟਸਐਪ ਵੀਡੀਓ ਕਾਲ ਰਾਹੀਂ ਉਨ੍ਹਾਂ ਨੂੰ ਧਮਕਾਉਂਦਾ ਰਿਹਾ। ਉਨ੍ਹਾਂ ਨੂੰ ਇੰਨਾ ਡਰਾਇਆ ਗਿਆ ਕਿ ਉਨ੍ਹਾਂ ਆਪਣੇ 17 ਸਾਲਾ ਲੜਕੇ ਹਨੂ ਸਿੰਘ ਨੂੰ ਵੀ ਬਹਾਨੇ ਵਾਲੇ ਆਪਣੀ ਭੈਣ ਦੇ ਘਰ ਭੇਜ ਦਿੱਤਾ । ਨਾ ਤਾਂ ਰਿਸ਼ਤੇਦਾਰਾਂ ਦੇ ਫੋਨ ਚੁੱਕੇ, ਨਾ ਹੀ ਘਰ ਰਿਸ਼ਤੇਦਾਰਾਂ ਦੇ ਪਹੁੰਚਣ `ਤੇ ਦਰਵਾਜ਼ਾ ਖੋਲ੍ਹਿਆ । ਜਦੋਂ ਰਿਸ਼ਤੇਦਾਰਾਂ ਨੇ ਮਹਿਸੂਸ ਕੀਤਾ ਕਿ ਜਸਪਾਲ ਤੇ ਅਮਰਜੀਤ ਮੁਸ਼ਕਲ `ਚ ਹਨ ਤਾਂ ਉਨ੍ਹਾਂ ਇੰਦੌਰ ਦੇ ਏ. ਐਸ. ਪੀ. ਮਨਜੀਤ ਸਿੰਘ ਚਾਵਲਾ ਨੂੰ 1 ਵਜੇ ਫੋਨ ਕੀਤਾ । ਏ. ਐਸ. ਪੀ. ਚਾਵਲਾ ਕਾਰੋਬਾਰੀ ਜਸਪਾਲ ਦੇ ਚਚੇਰੇ ਭਰਾ ਹਨ । ਪਹਿਲਾਂ ਤਾਂ ਏ. ਐਸ. ਪੀ. ਮਨਜੀਤ ਨੇ ਜਸਪਾਲ ਨੂੰ ਫੋਨ ਕਰ ਕੇ ਸਮਝਾਇਆ ਪਰ ਉਸ ਨੂੰ ਲੱਗਾ ਕਿ ਉਹ ਅਜੇ ਵੀ ਠੱਗਾਂ ਦੇ ਜਾਲ ਤੋਂ ਬਾਹਰ ਨਹੀਂ ਆ ਸਕਿਆ, ਇਸ ਲਈ ਉਸ ਨੇ ਰਾਤ ਨੂੰ ਗਵਾਲੀਅਰ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ। ਰਾਤ 1.20 ਵਜੇ ਪੁਲਿਸ ਫੋਰਸ ਜਸਪਾਲ ਦੇ ਘਰ ਭੇਜ ਦਿੱਤੀ ਗਈ। ਡੀਐਸਪੀ ਕਿਰਨ ਅਹੀਰਵਾਰ, ਐਸਆਈ ਓਮਪ੍ਰਕਾਸ਼ ਸ਼ਰਮਾ ਅਤੇ ਝਾਂਸੀ ਰੋਡ ਥਾਣੇ ਦੀ ਫੋਰਸ ਨੇ ਆਖ਼ਰਕਾਰ ਜੋੜੇ ਨੂੰ ਮੁਕਤ ਕਰਵਾਇਆ। ਸ਼ਾਤਰ ਠੱਗਾਂ ਨੇ ਉਨ੍ਹਾਂ ਨੂੰ ਲਿੰਕ ਭੇਜ ਕੇ ਮੋਬਾਈਲ ਦੀ ਸਕ੍ਰੀਨ ਤਕ ਸ਼ੇਅਰ ਕਰਵਾ ਲਈ ਸੀ । ਐਕਸੈੱਸ ਉਨ੍ਹਾਂ ਕੋਲ ਪਹੁੰਚ ਗਿਆ ਸੀ। 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।