ਪਲੇ ਸਕੂਲ ਦੇ ਵਾਸ਼ਰੂਮ ਵਿੱਚ ਸਪਾਈ ਕੈਮਰਾ ਮਿਲਣ ਤੇ ਸਕੂਲ ਡਾਇਰੈਕਟਰ ਗ੍ਰਿਫਤਾਰ ਤੇ ਸਕਿਓਰਿਟੀ ਗਾਰਡ ਖਿਲਾਫ਼ ਪੁਲਸ ਕਾਰਵਾਈ ਕਰਨ ਦੀ ਤਿਆਰੀ ਵਿਚ
ਨੋਇਡਾ : ਭਾਰਤ ਦੇ ਸ਼ਹਿਰ ਨੋਇਡਾ ਦੇ ਸੈਕਟਰ-70 ਦੇ ਇੱਕ ਪਲੇ ਸਕੂਲ ਦੇ ਵਾਸ਼ਰੂਮ ਵਿੱਚ ਇੱਕ ਸਪਾਈ ਕੈਮਰਾ ਮਿਲਿਆ ਹੈ। ਵਾਸ਼ਰੂਮ ਦੇ ਬਲਬ ਹੋਲਡਰ ਵਿੱਚ ਇੱਕ ਜਾਸੂਸੀ ਕੈਮਰਾ ਲਗਾਇਆ ਗਿਆ ਸੀ। ਜਦੋਂ ਸਕੂਲ ਟੀਚਰ ਦੀ ਨਜ਼ਰ ਕੈਮਰੇ ‘ਤੇ ਪਈ ਤਾਂ ਹੰਗਾਮਾ ਹੋ ਗਿਆ । ਮਹਿਲਾ ਅਧਿਆਪਕ ਨੇ ਇਸ ਦੀ ਸ਼ਿਕਾਇਤ ਥਾਣਾ ਫੇਜ਼ 3 ਵਿੱਚ ਕੀਤੀ। ਜਿਸ ਤੋਂ ਬਾਅਦ ਸਕੂਲ ਡਾਇਰੈਕਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ । ਪੁਲਸ ਨੇ ਦੋਸ਼ੀ ਡਾਇਰੈਕਟਰ ਨਵਨੀਸ਼ ਸਹਾਏ ਨੂੰ ਮੰਗਲਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ। ਨਾਲ ਹੀ ਕੈਮਰੇ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ । ਦਰਅਸਲ, ਪੂਰਾ ਮਾਮਲਾ ਸੈਕਟਰ-70 ਸਥਿਤ ਲਰਨ ਵਿਦ ਫਨ ਪਲੇ ਸਕੂਲ ਦਾ ਹੈ। ਸਕੂਲ ਅਧਿਆਪਕਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ 10 ਦਸੰਬਰ ਨੂੰ ਜਦੋਂ ਉਹ ਵਾਸ਼ਰੂਮ ਗਈ ਤਾਂ ਉਸ ਦੀ ਨਜ਼ਰ ਉੱਥੇ ਲੱਗੇ ਬਲਬ ਹੋਲਡਰ ‘ਤੇ ਪਈ ਜਿੱਥੋਂ ਕੁਝ ਲਾਈਟ ਬਲਦੀ ਦਿਖਾਈ ਦਿੱਤੀ । ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਗਾਰਡ ਨੂੰ ਬੁਲਾ ਕੇ ਜਾਂਚ ਕੀਤੀ ਤਾਂ ਇਹ ਜਾਸੂਸੀ ਕੈਮਰਾ ਨਿਕਲਿਆ। ਉਸ ਨੇ ਇਸ ਦੀ ਸਿ਼ਕਾਇਤ ਸਕੂਲ ਦੇ ਡਾਇਰੈਕਟਰ ਨਵਨੀਤ ਸਹਾਏ ਅਤੇ ਕੋਆਰਡੀਨੇਟਰ ਪਾਰੁਲ ਨੂੰ ਕੀਤੀ। ਪਰ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ । ਅਧਿਆਪਕਾ ਦਾ ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਵਾਸ਼ਰੂਮ ‘ਚ ਕੈਮਰਾ ਲੱਗਾ ਸੀ । ਉਸ ਸਮੇਂ ਕੋਆਰਡੀਨੇਟਰ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਦੁਬਾਰਾ ਕੈਮਰਾ ਲੱਗਣ ਤੋਂ ਬਾਅਦ ਉਹ ਸਬੂਤ ਲੈ ਕੇ ਥਾਣੇ ਪਹੁੰਚ ਗਈ । ਅਧਿਆਪਕ ਅਨੁਸਾਰ ਸੁਰੱਖਿਆ ਗਾਰਡ ਨੇ ਦੱਸਿਆ ਕਿ ਡਾਇਰੈਕਟਰ ਨਵਨੀਤ ਸਹਾਏ ਨੇ ਇਹ ਕੈਮਰਾ ਲਗਾਇਆ ਸੀ। ਇਸ ਮਾਮਲੇ ਵਿੱਚ ਡਾਇਰੈਕਟਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਗਾਰਡ ਖਿ਼ਲਾਫ਼ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਅਧਿਆਪਕਾ ਦਾ ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਵਾਸ਼ਰੂਮ ‘ਚ ਟੁੱਟਿਆ ਹੋਇਆ ਜਾਸੂਸੀ ਕੈਮਰਾ ਮਿਲਿਆ ਸੀ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਰਿਕਾਰਡਿੰਗ ਨਹੀਂ ਮਿਲੀ ਹੈ। ਡੀ. ਸੀ. ਪੀ. ਸੈਂਟਰਲ ਜ਼ੋਨ ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਡਾਇਰੈਕਟਰ ਨਵਨੀਤ ਸਹਾਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਜਾਸੂਸੀ ਕੈਮਰਾ ਆਨਲਾਈਨ ਮੰਗਵਾਇਆ ਸੀ। ਅਤੇ ਇਸਨੂੰ ਬਲਬ ਹੋਲਡਰ ਵਿੱਚ ਫਿੱਟ ਕਰ ਦਿੱਤਾ ਸੀ ।