ਇੰਜਨੀਅਰ ਸੁਭਾਸ਼ ਅਤੁਲ ਖੁਦਕੁਸ਼ੀ ਮਾਮਲੇ ਵਿਚ ਸੁਭਾਸ਼ ਅਤੁਲ ਦੀ ਪਤਨੀ ਹਰਿਆਣਾ ਤੋਂ ਹੋਈ ਗ੍ਰਿਫ਼ਤਾਰ
ਬੰਗਲੁੂਰੂ/ਲਖਨਊ : ਬੈਂਗਲੂਰੂ ਪੁਲਸ ਨੇ ਇੰਜਨੀਅਰ ਸੁਭਾਸ਼ ਅਤੁਲ ਦੀ ਖੁਦਕੁਸ਼ੀ ਮਾਮਲੇ ਵਿਚ ਸੁਭਾਸ਼ ਦੀ ਪਤਨੀ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੈਂਗਲੂਰੂ ਪੁਲਸ ਦੇ ਅਧਿਕਾਰੀ ਨੇ ਕਿਹਾ ਕਿ ਸੁਭਾਸ਼ ਦੀ ਪਤਨੀ ਨਿਕਿਤਾ ਸਿੰਘਾਨੀਆ ਨੂੰ ਗੁਰੂਗ੍ਰਾਮ (ਹਰਿਆਣਾ) ਜਦਕਿ ਨਿਕਿਤਾ ਦੀ ਮਾਂ ਨਿਸ਼ਾ ਸਿੰਘਾਨੀਆ ਅਤੇ ਭਰਾ ਅਨੁਰਾਗ ਸਿੰਘਾਨੀਆ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਗ੍ਰਿਫ਼ਤਾਰ ਕਰ ਕੇ ਬੰਗਲੂਰੂ ਲਿਆਂਦਾ ਗਿਆ। ਇਸ ਮਗਰੋਂ ਪੁਲਸ ਨੇ ਉਨ੍ਹਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪ੍ਰਯਾਗਰਾਜ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਕਿ ਬੰਗਲੂਰੂ ਪੁਲਸ ਨੇ ਉਨ੍ਹਾਂ ਨੂੰ ਨਿਸ਼ਾ ਸਿੰਘਾਨੀਆ ਅਤੇ ਅਨੁਰਾਗ ਸਿੰਘਾਨੀਆ ਦੀ ਗ੍ਰਿਫ਼ਤਾਰੀ ਬਾਰੇ ਸੂਚਿਤ ਨਹੀਂ ਕੀਤਾ। ਜਿ਼ਕਰਯੋਗ ਹੈ ਕਿ 34 ਸਾਲਾ ਸੁਭਾਸ਼ ਨੇ 9 ਦਸੰਬਰ ਨੂੰ ਦੱਖਣ-ਪੂਰਬੀ ਬੰਗਲੂਰੂ ਦੇ ਮੁੰਨੇਕੋਲਾਲੂ ਵਿੱਚ ਆਪਣੇ ਘਰ ’ਚ ਫਾਹਾ ਲੈ ਕੇ ਜਾਨ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਉਸ ਨੇ ਵੀਡੀਓ ਅਤੇ ਖ਼ੁਦਕੁਸ਼ੀ ਨੋਟ ਪਿੱਛੇ ਛੱਡੇ ਸਨ, ਜਿਨ੍ਹਾਂ ਵਿੱਚ ਉਸ ਦੀ ਪਤਨੀ ਅਤੇ ਸਹੁਰਿਆਂ ’ਤੇ ਉਸ ਨੂੰ ‘ਝੂਠੇ’ ਮਾਮਲਿਆਂ ਅਤੇ ‘ਲਗਾਤਾਰ ਤਸ਼ੱਦਦ’ ਰਾਹੀਂ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਗਿਆ ਸੀ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਸੁਭਾਸ਼ ਦੀ ਪਤਨੀ, ਸੱਸ ਅਤੇ ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਨਿਆਂਇਕ ਹਿਰਾਸਤ ਵਿੱਚ ਹਨ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ।