ਪੰਜਾਬੀ ਯੂਨੀਵਰਸਿਟੀ ਵਿੱਚ ਅਧਿਆਪਕਾਂ ਦੀ ਚੋਣਾਂ ਦਾ ਵੱਜਿਆ ਬਿਗਲ
ਪਟਿਆਲਾ : ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਡੈਮੋਕ੍ਰੇਟਿਕ ਟੀਚਰਜ਼ ਕੌਂਸਿਲ (ਡੀ. ਟੀ. ਸੀ) ਗਰੁੱਪ ਦੀ ਮੀਟਿੰਗ ਪੂਟਾ ਚੋਣਾਂ ਦੇ ਸੰਦਰਭ ਵਿਚ ਕੀਤੀ ਗਈ। ਯੂਨੀਵਰਸਿਟੀ ਦੇ ਨੋਟੀਫਿਕੇਸ਼ਨ ਅਨੁਸਾਰ ਅਧਿਆਪਕਾਂ ਦੀਆਂ ਚੋਣਾਂ 5 ਫਰਵਰੀ 2025 ਨੂੰ ਹੋਣੀਆਂ ਹਨ ਅਤੇ ਇਸ ਸੰਬੰਧੀ ਡੀ. ਟੀ. ਸੀ. ਗਰੁੱਪ ਨੇ ਅਧਿਆਪਕਾਂ ਦੇ ਵੱਖ ਵੱਖ ਮੁੱਦਿਆਂ ਉੱਤੇ ਕੰਮ ਕਰਨ ਸਬੰਧੀ ਸਾਰੇ ਪੱਖਾਂ ਤੇ ਗੰਭੀਰਤਾ ਪੂਰਨ ਅਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ । ਗਰੁੱਪ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਵਿੱਚ ਪੱਕੇ ਵਾਈਸ ਚਾਂਸਲਰ ਦੀ ਨਿਯੁਕਤੀ ਜਲਦ ਕੀਤੀ ਜਾਵੇ ਕਿਉਂਕਿ ਅਪ੍ਰੈਲ 2024 ਤੋਂ ਪਦ ਖਾਲੀ ਪਿਆ ਹੈ । ਇਹ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ 25 ਨਵੰਬਰ 2024 ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਦਾ ਚਾਰਜ ਕਿਸੇ ਵੀ ਅਧਿਕਾਰੀ ਕੋਲ ਨਹੀ ਹੈ ਅਤੇ ਪਿਛਲੇ ਡੇਢ ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਬਿਨਾਂ ਵਾਈਸ ਚਾਂਸਲਰ ਤੋਂ ਚੱਲ ਰਹੀ । ਇਸ ਦਾ ਨਤੀਜਾ ਇਹ ਨਿਕਲਿਆ ਕਿ ਅਧਿਆਪਕਾਂ, ਕਰਮਚਾਰੀਆਂ, ਵਿਦਿਆਰਥੀਆਂ ਅਤੇ ਪੈਨਸ਼ਨਰਾਂ ਦੇ ਮਸਲੇ ਜਿਓਂ ਦੇ ਤਿਓਂ ਲਟਕੇ ਪਏ ਹਨ । ਉਹ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਲਈ ਕਈ ਮਹੀਨਿਆਂ ਤੋਂ ਲਗਾਤਾਰ ਧਰਨੇ ਮੁਜਾਹਰੇ ਕਰ ਰਹੇ ਹਨ ਅਤੇ ਯੂਨੀਵਰਸਿਟੀ ਵਿੱਚ ਖੋਜ ਦਾ ਕੰਮ ਵੀ ਵਾਈਸ ਚਾਂਸਲਰ ਦੀ ਅਣਹੋਂਦ ਕਰਕੇ ਲਟਕ ਰਿਹਾ ਹੈ। ਸੋ ਡੀ. ਟੀ. ਸੀ. ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਯੋਗ ਵਾਈਸ ਚਾਂਸਲਰ ਦੀ ਨਿਯੁਕਤੀ ਤੁਰੰਤ ਕਰੇ ਤਾਂ ਜੋ ਯੂਨੀਵਰਸਿਟੀ ਨੂੰ ਇਸ ਖੜ੍ਹੋਤ ਵਿੱਚੋਂ ਬਾਹਰ ਕੱਢਿਆ ਜਾ ਸਕੇ । ਅਧਿਆਪਕਾਂ ਦੀਆਂ ਚੋਣਾਂ 5 ਫਰਵਰੀ 2025 ਨੂੰ ਹੋ ਰਹੀਆਂ ਹਨ ਅਤੇ ਇਸ ਸਬੰਧੀ ਅਧਿਆਪਕਾਂ ਦੀਆਂ ਵੋਟਾਂ ਬਣਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤਾ ਹੈ ।