ਸਿਹਤ ਮੰਤਰੀ ਦੇ ਹਲਕੇ ’ਚ ਪੈਂਦੀਆਂ ਫੇਜ਼ 3 ਦੀਆਂ ਟ੍ਰੈਫ਼ਿਕ ਲਾਈਟਾਂ ਇਕ ਮਹੀਨੇ ਤੋਂ ਬੰਦ
– ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
– ਲਾਈਟਾਂ ਬੰਦ ਹੋਣ ਕਾਰਨ ਧੁੰਦ ਅਤੇ ਠੰਡ ’ਚ ਰੋਜ਼ਾਨਾ ਹੋ ਰਹੇ ਐਕਸੀਡੈਂਟਾਂ ਤੋਂ ਰਾਹੀਗਰ ਪ੍ਰੇਸ਼ਾਨ
ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਹਲਕੇ ਅਧੀਨ ਪਟਿਆਲਾ-ਰਾਜਪੁਰਾ ਰੋਡ ਤੇ ਅਰਬਨ ਅਸਟੇਟ ਫੇਜ਼-3 ਨਜ਼ਦੀਕ ਲੱਗੀਆਂ ਟ੍ਰੈਫ਼ਿਕ ਲਾਈਟਾਂ ਪਿਛਲੇ ਇੱਕ ਮਹੀਨੇ ਤੋਂ ਬੰਦ ਪਈਆਂ ਹਨ । ਲਾਈਟਾਂ ਬੰਦ ਹੋਣ ਕਾਰਨ ਧੁੰਦ ਅਤੇ ਠੰਡ ’ਚ ਰੋਜ਼ਾਨਾ ਹੋ ਰਹੇ ਐਕਸੀਡੈਂਟਾਂ ਤੋਂ ਰਾਹੀਗਰ ਪ੍ਰੇਸ਼ਾਨ ਹਨ। ਬੇਸ਼ੱਕ ਇਸ ਸੜਕ ਤੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਪਟਿਆਲਾ ਰਾਹੀਂ ਰਾਜਪੁਰਾ, ਚੰਡੀਗੜ੍ਹ ਅਤੇ ਦਿੱਲੀ ਨੂੰ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਉੱਚ ਅਧਿਕਾਰੀ ਅਤੇ ਮੰਤਰੀ ਤੇ ਰਾਜਸੀ ਨੇਤਾ ਆਪਣੇ ਵਾਹਨਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀ ਬੱਸਾਂ ਰਾਹੀਂ ਇੱਥੋਂ ਗੁਜਰਦੇ ਹਨ, ਪਰੰਤੂ ਕਿਸੇ ਨੇ ਵੀ ਬੰਦ ਪਈਆਂ ਇਨ੍ਹਾਂ ਟ੍ਰੈਫਿਕ ਲਾਈਟਾਂ ਨੂੰ ਠੀਕ ਕਰਾਉਣਾ ਉਚਿੱਤ ਨਹੀਂ ਸਮਝਿਆ ਜਾ ਰਿਹਾ, ਜਿਸ ਕਾਰਨ ਅਰਬਨ ਅਸਟੇਟ ਫੇਜ਼ 3, ਰੇਡੀਓ ਸਟੇਸ਼ਨ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਤੋਂ ਦੂਸਰੇ ਰਾਜਾਂ ਨੂੰ ਜਾਣ ਵਾਲੇ ਯਾਤਰੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਬੇਸ਼ੱਕ ਇਹ ਮਾਮਲਾ ਕਈ ਵਾਰ ਹਲਕੇ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਜਿਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰੰਤੂ ਪਰਨਾਲਾ ਉੱਥੇ ਦਾ ਉੱਥੇ ਹੈ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਇੱਥੋਂ ਤੱਕ ਇਨ੍ਹਾਂ ਬੰਦ ਪਈਆਂ ਲਾਈਟਾਂ ਨੂੰ ਚਾਲੂ ਕਰਾਉਣ ਲਈ ਨਾ ਤਾਂ ਟ੍ਰੈਫਿਕ ਪੁਲਿਸ ਦਾ ਧਿਆਨ ਜਾ ਰਿਹਾ ਹੈ ਅਤੇ ਨਾ ਹੀ ਜਿਲ੍ਹਾ ਪ੍ਰਸ਼ਾਸਨ ਲਾਈਟਾਂ ਨੂੰ ਚਾਲੂ ਕਰਾਉਣ ਲਈ ਕੋਈ ਤਵੱਜੋ ਦੇ ਰਿਹਾ ਹੈ, ਜਿਸ ਕਾਰਨ ਦਿਨ-ਪ੍ਰਤੀਦਿਨ ਇਸ ਸੜਕ ’ਤੇ ਹੋ ਰਹੇ ਐਕਸੀਡੈਂਟਾਂ ਕਾਰਨ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ । ਪਟਿਆਲਾ-ਚੰਡੀਗੜ੍ਹ ਨੂੰ ਆਉਣ-ਜਾਣ ਲਈ ਨਿੱਤ ਸੈਂਕੜੇ ਬੱਸਾਂ, ਕਾਰਾਂ ਅਤੇ ਹੋਰ ਹੈਵੀ ਵਹੀਕਲ ਇਸ ਸੜਕ ਤੋਂ ਗੁਜ਼ਰਦੇ ਹਨ। ਅਰਬਨ ਅਸਟੇਟ ਫੇਜ਼-3 ਦੇ ਨਜ਼ਦੀਕ ਪੈਂਦੇ ਚੁਰਸਤੇ ’ਤੇ ਇਹ ਟ੍ਰੈਫ਼ਿਕ ਲਾਈਟਾਂ ਪਿਛਲੇ ਇਕ ਮਹੀਨੇ ਤੋਂ ਬੰਦ ਪਈਆਂ ਹਨ, ਜਿਸ ਕਾਰਨ ਸੜਕ ’ਤੇ ਰੋਜ਼ਾਨਾ ਘੰਟਿਆਂ ਬੱਦੀ ਜਾਮ ਲੱਗੇ ਰਹਿੰਦੇ ਹਨ ਅਤੇ ਅਰਬਨ ਅਸਟੇਟ ਫੇਜ਼-1 ਸਲਾਰੀਆ ਵਿਹਾਰ ਅਤੇ ਫੇਜ਼-3 ਨੂੰ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਇਸ ਚੁਰਸਤੇ ’ਤੇ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਨਾ ਤਾਂ ਟ੍ਰੈਫਿਕ ਪੁਲਿਸ ਦਾ ਕੋਈ ਅਧਿਕਾਰੀ/ਕਰਮਚਾਰੀ ਇਸ ਥਾਂ ਤੇ ਤੈਨਾਤ ਕੀਤਾ ਗਿਆ ਹੈ ਅਤੇ ਨਾ ਹੀ ਇਨ੍ਹਾਂ ਬੰਦ ਪਈਆਂ ਲਾਈਟਾਂ ਨੂੰ ਪ੍ਰਸ਼ਾਸਨ ਚਾਲੂ ਕਰਵਾ ਰਿਹਾ ਹੈ । ਅਰਬਨ ਅਸਟੇਟ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਫੇਜ਼-3 ਦੇ ਆਗੂ ਕਾਮਰੇਡ ਤਰਸੇਮ ਸਿੰਘ ਬਰੇਟਾ (ਰਿਟਾ. ਸੁਪਰਡੰਟ ਗ੍ਰੇਡ-1), ਐਡਵੋਕੇਟ ਹਰਜਿੰਦਰ ਸਿੰਘ, ਰਾਜਿੰਦਰ ਸਿੰਘ ਥਿੰਦ, ਨਛੱਤਰ ਸਿੰਘ ਸਫ਼ੇੜਾ ਸਾਬਕਾ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਗੁਰਦੀਪ ਸਿੰਘ, ਸਤਨਾਮ ਪਟਵਾਰੀ, ਕਰਨਲ ਜਸਵੀਰ ਸਿੰਘ ਗਿੱਲ, ਚੌਧਰੀ ਕੁਲਦੀਪ ਕੁਮਾਰ ਨੇ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਇਹ ਬੰਦ ਪਈਆਂ ਟ੍ਰੈਫਿਕ ਲਾਈਟਾਂ ਨੂੰ ਪਹਿਲ ਦੇ ਅਧਾਰ ’ਤੇ ਚਾਲੂ ਕਰਾਉਣ ਦੀ ਜੋਰਦਾਰ ਮੰਗ ਕਰਦੇ ਕਿਹਾ ਹੈ ਕਿ ਜੇਕਰ ਇਕ ਦੋ ਦਿਨ ਵਿਚ ਪ੍ਰਸ਼ਾਸਨ ਇਨ੍ਹਾਂ ਬੰਦ ਪਈਆਂ ਲਾਈਟਾਂ ਨੂੰ ਚਾਲੂ ਨਹੀਂ ਕਰਵਾਉਂਦਾ ਤਾਂ ਉਹ ਮੁੱਖ ਸੜਕ ’ਤੇ ਧਰਨਾ ਲਗਾਉਣਗੇ । ਇਸ ਸਬੰਧੀ ਟ੍ਰੈਫ਼ਿਕ ਲਾਈਟਾਂ ਨੂੰ ਠੀਕ ਕਰਾਉਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਿੱਜੀ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਪਰੰਤੂ ਉਨ੍ਹਾਂ ਵੱਲੋਂ ਵੀ ਟ੍ਰੈਫ਼ਿਕ ਲਾਈਟਾਂ ਠੀਕ ਕਰਾਉਣ ਵਿਚ ਕੋਈ ਰੁਚੀ ਨਹੀਂ ਦਿਖਾਈ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਪੁੱਡਾ ਵਿਭਾਗ ਦਾ ਹੈ ।
ਇਸ ਸਬੰਧੀ ਜਦੋਂ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਵਿਧਾਇਕ ਅਤੇ ਸਿਹਤ ਪਰਿਵਾਰ ਤੇ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਇਹ ਮਾਮਲਾ ਧਿਆਨ ਵਿੱਚ ਲਿਆਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰੰਤੂ ਉਨ੍ਹਾਂ ਵੱਲੋਂ ਵੀ ਟ੍ਰੈਫ਼ਿਕ ਲਾਈਟਾਂ ਨੂੰ ਠੀਕ ਕਰਾਉਣ ਸਬੰਧੀ ਕੋਈ ਯੋਗ ਉਪਰਾਲਾ ਅਜੇ ਤੱਕ ਨਹੀਂ ਕੀਤਾ ਗਿਆ ਹੈ । ਜਦੋਂ ਉਨ੍ਹਾਂ ਨਾਲ ਇਸ ਸਬੰਧੀ ਉਨ੍ਹਾਂ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਇਲ ਉੱਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਸਮੱਸਿਆ ਦਾ ਫ਼ੌਰੀ ਹੱਲ ਕਰਾਉਣ ਦਾ ਵਿਸ਼ਵਾਸ ਦਿਵਾਇਆ । ਸਮਾਜ ਸੇਵੀ ਅਤੇ ਅਰਬਨ ਅਸਟੇਟ ਫੇਜ਼ 3 ਦੀ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਕਾਮਰੇਡ ਤਰਸੇਮ ਬਰੇਟਾ ਨੇ ਕਿਹਾ ਕਿ ਇਹ ਟ੍ਰੈਫ਼ਿਕ ਲਾਈਟਾਂ ਦਾ ਪ੍ਰਬੰਧ ਨੈਸ਼ਨਲ ਹਾਈਵੇ ਅਥਾਰਟੀ ਦੇ ਅਧੀਨ ਆਉਂਦਾ ਹੈ ਅਤੇ ਇਸ ਸੜਕ ਤੋਂ ਹਜ਼ਾਰਾਂ ਵਾਹਨ ਰੋਜ਼ਾਨਾ ਹੀ ਗੁਜ਼ਰਦੇ ਹਨ । ਟ੍ਰੈਫ਼ਿਕ ਲਾਈਟਾਂ ਬੰਦ ਹੋਣ ਕਾਰਨ ਰੋਜ਼ਾਨਾ ਹੋ ਰਹੇ ਐਕਸੀਡੈਂਟਾਂ ਤੋਂ ਲੋਕ ਪ੍ਰੇਸ਼ਾਨ ਹਨ, ਪਰੰਤੂ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਟ੍ਰੈਫ਼ਿਕ ਲਾਈਟਾਂ ਤੁਰੰਤ ਚਾਲੂ ਕਰਵਾਉਣ ਲਈ ਪ੍ਰਸ਼ਾਸਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਅਪੀਲ ਕੀਤੀ ਹੈ ।