ਜਦੋਂ ਸਵਾਮੀ ਵਿਵੇਕਾਨੰਦ ਜੀ ਦੀ ਅੱਖਾਂ ਵਿੱਚ ਹੰਜੂ ਚਮਕੇ
ਪਟਿਆਲਾ : 12 ਜਨਵਰੀ 1863 ਨੂੰ ਭਾਰਤ ਦੀ ਧਰਤੀ ਮਾਂ ਦੀ ਗੋਦ ਵਿੱਚੋਂ ਸਵਾਮੀ ਵਿਵੇਕਾਨੰਦ ਜੀ ਨੇ ਜਨਮ ਲਿਆ ਸੀ । ਸਵਾਮੀ ਵਿਵੇਕਾਨੰਦ ਜੀ ਦੇ ਦਿਲ ਵਿੱਚ ਬਹੁਤ ਨਿਮਰਤਾ ਸ਼ਹਿਣਸ਼ੀਲਤਾ ਹਮਦਰਦੀ ਅਤੇ ਕੌਮਲਤਾ ਸੀ, ਕਿਉਂਕਿ ਉਨ੍ਹਾਂ ਨੇ ਪਿਤਾ ਦੀ ਮੌਤ ਮਗਰੋਂ ਬਹੁਤ ਦੁਖ ਦਰਦ ਪ੍ਰੇਸ਼ਾਨੀਆਂ ਸਹਿਣ ਕੀਤੀਆਂ ਸਨ ਪਰ । ਗੁਰੂ ਰਾਮਾ ਕ੍ਰਿਸ਼ਨ ਪ੍ਰਮਹੰਸ ਜੀ ਦੇ ਅਸ਼ੀਰਵਾਦ ਸਦਕਾ ਉਨ੍ਹਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਹਾਤਮਾ ਬੁੱਧ ਜੀ ਦੇ ਜੀਵਨ ਬਾਰੇ ਬਹੁਤ ਬਰੀਕੀ ਨਾਲ ਸਮਝਾਇਆ ਸੀ ਅਤੇ ਉਹ ਅਕਸਰ ਭਾਰਤ ਦੀ ਧਰਤੀ ਅਤੇ ਮਿੱਟੀ ਨੂੰ ਬਹੁਤ ਪਵਿੱਤਰ ਸਮਝਦੇ ਸਨ । ਸਵੇਰੇ ਸ਼ਾਮ ਮਿੱਟੀ ਨੂੰ ਚੁਮਕੇ, ਆਪਣੇ ਮੱਥੇ ਤੇ ਤਿਲਕ ਲਗਾਇਆ ਕਰਦੇ ਸਨ । ਹਮੇਸ਼ਾ ਜ਼ਮੀਨ ਤੇ ਹੀ ਸੋਇਆ, ਬੈਠਿਆਂ ਕਰਦੇ ਸਨ ਅਤੇ ਭੋਜਨ ਵੀ ਹਮੇਸ਼ਾ ਜ਼ਮੀਨ ਤੇ ਬੈਠ ਕੇ ਲਿਆ ਕਰਦੇ ਸਨ । ਇਸੇ ਤਰ੍ਹਾਂ ਅਕਸਰ ਸੰਤ ਸੰਨਿਆਸੀ ਫ਼ਕੀਰ ਗੁਰੂ ਧਰਤੀ ਮਾਂ ਦੀ ਗੋਦ ਵਿਚ ਜ਼ਮੀਨ ਤੇ ਬੈਠ ਕੇ, ਲੇਟ ਕੇ ਅਨੰਦ ਲਿਆਂ ਕਰਦੇ ਹਨ । ਇੱਕ ਵਾਰ ਇੱਕ ਬਜ਼ੁਰਗ ਔਰਤ ਨੇ ਆਕੇ ਸਵਾਮੀ ਵਿਵੇਕਾਨੰਦ ਜੀ ਨੂੰ, ਬਹੁਤ ਸੁੰਦਰ, ਪੀਲ਼ੇ ਪੀਲੇ ਵੱਡੇ ਵੱਡੇ ਅਮਰੂਦ ਦਿੱਤੇ । ਅਮਰੂਦਾਂ ਅਤੇ ਮਾਤਾ ਨੂੰ ਦੇਖਕੇ, ਸਵਾਮੀ ਵਿਵੇਕਾਨੰਦ ਜੀ ਦੀਆਂ ਅੱਖਾਂ ਵਿੱਚ ਹੰਜੂ ਆ ਗਏ । ਸਾਰੇ ਲੋਕ, ਸ਼ਗਿਰਦ ਅਤੇ ਉਹ ਬਜ਼ੁਰਗ ਮਾਤਾ ਵੀ ਹੈਰਾਨ ਪ੍ਰੇਸਾਨ ਹੋ ਗਏ । ਕਿਉਂਕਿ ਬਜ਼ੁਰਗ ਮਾਤਾ ਬਹੁਤ ਪਿਆਰ, ਸਨੇਹ, ਹਮਦਰਦੀ ਨਾਲ, ਇਲਾਹਾਬਾਦ ਤੋਂ ਮਿੱਠੇ ਮਿੱਠੇ ਅਮਰੂਦ ਸਵਾਮੀ ਜੀ ਅਤੇ ਉਨ੍ਹਾਂ ਦੇ ਸ਼ਗਿਰਦਾਂ ਲਈ ਲੈਕੇ ਆਈ ਸੀ। ਬਹੁਤ ਦੇਰ ਤੱਕ ਸਵਾਮੀ ਜੀ ਅਮਰੂਦ ਨੂੰ ਦੇਖਦੇ ਰਹੇ ਅਤੇ ਅੱਥਰੂ ਬਹਾਉਦੇ ਰਹੇ । ਉਸ ਮਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬੇਟਾ ਵਿਵੇਕਾਨੰਦ ਜੀ, ਮੇਰੇ ਵਲੋਂ ਕੋਈ ਗ਼ਲਤੀ ਹੋ ਗਈ ਹੈ ਤਾਂ ਮਾਫ਼ ਕਰਨਾ। ਮੈਂ ਤਾਂ ਬਹੁਤ ਪਿਆਰ, ਸਨੇਹ, ਪ੍ਰੇਮ ਨਾਲ ਭਰਪੂਰ ਹੋ ਕੇ, ਮਾਂ ਭਿਲਣੀ ਵਾਂਗ, ਆਪਜੀ ਲਈ ਇਲਾਹਾਬਾਦ ਦੇ ਮਿਠੇ ਅਮਰੂਦ ਲੈਕੇ ਆਈਂ ਹਾਂ । ਸਵਾਮੀ ਵਿਵੇਕਾਨੰਦ ਜੀ ਨੇ ਉਸ ਮਾਂ ਦੇ ਚਰਨਾਂ ਵਿੱਚ ਆਪਣਾ ਸਿਰ ਰਖਕੇ, ਉਨ੍ਹਾਂ ਦੇ ਹੱਥਾਂ ਨੂੰ ਪਿਆਰ ਨਾਲ ਚੁੰਮਿਆਂ ਅਤੇ ਮਾਂ ਨੂੰ ਬਰਾਬਰ ਬੈਠਾ ਕੇ ਕਹਿਣ ਲੱਗੇ ਕਿ ਮਾਂ, ਮੇਰੀ ਪਿਆਰੀ ਮਾਂ ਵੀ ਅਕਸਰ ਮੈਨੂੰ ਰੋਟੀ ਖੁਆਉਂਦੇ ਹੋਏ, ਅਤੇ ਗੁਰੂ ਜੀ, ਇਲਾਹਾਬਾਦ ਬਾਰੇ ਕਥਾ ਕਹਾਣੀਆਂ ਸੁਣਾਉਂਦੇ ਸਨ । ਮੇਰੀਆਂ ਇਛਾਵਾਂ ਦੀ ਪੂਰਤੀ ਤੁਸੀਂ ਕਰ ਦਿੱਤੀ ਕਿਉਂਕਿ ਮੈ ਲੰਮੇ ਸਮੇਂ ਤੋਂ, ਭਾਰਤ ਦੀ ਸਭ ਤੋਂ ਪਵਿੱਤਰ ਭੂੱਮੀ, ਇਲਾਹਾਬਾਦ ਦੀ ਮਿੱਟੀ ਅਤੇ ਮਾਂ ਗੰਗਾ, ਜਮਨਾ, ਸਰਸਵਤੀ ਮਾਂ ਦੇ ਪਵਿੱਤਰ ਜਲ ਨੂੰ ਚੁੰਮਣਾ ਚਾਹੁੰਦਾ ਸੀ, ਪਰ ਸਮਾਂ ਹੀ ਨਹੀਂ ਮਿਲਿਆ । ਮੇਰਾ ਭਗਵਾਨ ਬਹੁਤ ਦਿਆਵਾਨ ਦਿਆਲੂ ਹੈ, ਉਸਨੇ ਮੇਰੀ ਇਛਾਵਾਂ ਦੀ ਪੂਰਤੀ ਲਈ, ਇਲਾਹਾਬਾਦ ਦੀ ਪਵਿੱਤਰ ਮਿੱਟੀ ਵਿੱਚ ਕਿਸੇ ਦਰਖਤ ਤੇ ਅਮਰੂਦ ਦੇ ਫੁੱਲ ਖਿਲਾਏ। ਕੁੱਝ ਸਮੇਂ ਬਾਅਦ ਫੁਲਾਂ ਵਿਚੋਂ ਅਮਰੂਦ ਨਿਕਲੇ ਹੋਣਗੇ, ਜ਼ੋ ਬਹੁਤ ਸਖ਼ਤ ਅਤੇ ਕੋੜੇ ਹੋਣਗੇ। ਫੇਰ ਧਰਤੀ ਮਾਂ ਦੀ ਮਿੱਟੀ, ਸੂਰਜ ਦੇਵਤਾ ਦੀ ਗਰਮੀ, ਪਵਿੱਤਰ ਸੰਗਮ ਦੇ ਪਾਣੀ ਰਾਹੀਂ ਇਹ ਅਮਰੂਦ ਤਿਆਰ ਹੋਏ । ਪ੍ਰਮਾਤਮਾ ਨੇ ਇਸ ਦੀ ਪਸ਼ੂ ਪੰਛੀਆਂ ਹਨੇਰੀਆਂ ਤੋਂ ਰਖਿਆ ਕੀਤੀ । ਧਰਤੀ ਮਾਂ ਨੇ ਇਨ੍ਹਾਂ ਵਿੱਚ ਵਿਟਾਮਿਨ, ਮਿਠਿਆਸ, ਤਾਕਤ, ਕੋਮਲਤਾ ਸ਼ਕਤੀਆਂ, ਰੰਗ , ਅਰੋਗਤਾ ਭਰੀਆਂ ਅਤੇ ਮੇਰੀ ਮਾਂ ਇਨ੍ਹਾਂ ਅਮਰੂਦਾਂ ਨੂੰ ਸਾਫ਼ ਕਰਕੇ, ਸੈਂਕੜੇ ਮੀਲਾਂ ਤੋਂ ਚੁੱਕਕੇ ਮੇਰੇ ਤੱਕ ਲੈ ਕੇ ਆਈਂ ਹੈ, ਇਹ ਸੱਭ ਸੋਚਕੇ ਮੇਰੇ ਦਿਲ, ਦਿਮਾਗ, ਭਾਵਨਾਵਾਂ, ਵਿਚਾਰਾਂ ਵਿੱਚ ਧੰਨਵਾਦ ਦੇ ਸ਼ਬਦ ਪੈਦਾ ਹੋਏ, ਮੈਨੂੰ ਮੇਰੀ ਮਾਂ ਯਾਦ ਆ ਗਈ। ਤਾਂ ਮੈਂ ਬੋਲ ਨਾ ਸਕਿਆ ਪਰ ਅੱਖਾਂ ਵਿੱਚੋ ਉਹ ਪ੍ਰੇਮ, ਧੰਨਵਾਦ ਭਰੇ ਸ਼ਬਦ, ਅੱਥਰੂ ਬਣਕੇ ਨਿਕਲ ਰਹੇ ਹਨ । ਸਵਾਮੀ ਜੀ, ਫੇਰ ਮਾਂ ਦੇ ਚਰਨਾਂ ਵਿੱਚ ਸਿਰ ਰਖਕੇ ਰੋਣ ਲੱਗ ਪਏ ।