ਅਣਵੰਡੀ ਸਿ਼ਵਸੈਨਾ ਅਤੇ ਕਾਂਗਰਸ ਅਤੀਤ ’ਚ ਕੱਟੜ ਵਿਰੋਧੀ ਸਨ ਪਰ ਦੋਵਾਂ ਪਾਰਟੀਆਂ ਨੇ ਕਦੇ ਵੀ ਇੱਕ ਦੂਜੇ ਪ੍ਰਤੀ ਬਦਲਾਖ਼ੋਰੀ ਦੇ ਮਨਸ਼ੇ ਨਾਲ ਕੰਮ ਨਹੀਂ ਕੀਤਾ : ਊਧਵ
ਮੁੰਬਈ: ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਕਿਹਾ ਕਿ ਅਣਵੰਡੀ ਸਿ਼ਵਸੈਨਾ ਅਤੇ ਕਾਂਗਰਸ ਅਤੀਤ ’ਚ ਕੱਟੜ ਵਿਰੋਧੀ ਸਨ ਪਰ ਦੋਵਾਂ ਪਾਰਟੀਆਂ ਨੇ ਕਦੇ ਵੀ ਇੱਕ ਦੂਜੇ ਪ੍ਰਤੀ ਬਦਲਾਖ਼ੋਰੀ ਦੇ ਮਨਸ਼ੇ ਨਾਲ ਕੰਮ ਨਹੀਂ ਕੀਤਾ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਸਦਭਾਵਨਾ ਸਮਾਗਮ ’ਚ ਊਧਵ ਠਾਕਰੇ ਨੇ ਆਖਿਆ ਕਿ ਕੇਂਦਰੀ ਏਜੰਸੀਆਂ ਨੇ ਕਦੇ ਵੀ ਸ਼ਿਵ ਸੈਨਾ ਆਗੂਆਂ ਦੇ ਦਰ ’ਤੇ ਦਸਤਕ ਨਹੀਂ ਜਦਕਿ ਪਾਰਟੀ ਦੇ ਬਾਨੀ ਬਾਲ ਠਾਕਰੇ ਨੇ ਤਤਕਾਲੀ ਪ੍ਰਧਾਨ ਮੰਤਰੀ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ। ਇਸ ਸਮਾਗਮ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਵੀ ਮੌਜੂਦ ਸਨ। ਊਧਵ ਠਾਕਰੇ ਨੇ ਆਖਿਆ, ‘‘ਸ਼ਿਵ ਸੈਨਾ ਤੇ ਕਾਂਗਰਸ ਕੱਟੜ ਵਿਰੋਧੀ ਸਨ ਪਰ ਦੋਵਾਂ ਪਾਰਟੀਆਂ ਨੇ ਕਦੇ ਵੀ ਬਦਲਾਖ਼ੋਰੀ ਦੀ ਭਾਵਨਾ ਨਾਲ ਕੰਮ ਨਹੀਂ ਕੀਤਾ।’’ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਠਾਕਰੇ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਰਾਜੀਵ ਗਾਂਧੀ ਕਦੇ ਵੀ ਚੁਣੌਤੀਆਂ ਦੇ ਸਾਹਮਣੇ ਤੋਂ ਪਿੱਛੇ ਨਹੀਂ ਹਟੇ ਜਦਕਿ ਮੌਜੂਦਾ ਸਰਕਾਰ ਮਨੀਪੁਰ ਅਤੇ ਕਸ਼ਮੀਰ ’ਚ ਹਿੰਸਕ ਮਾਹੌਲ ਪੈਦਾ ਹੋਣ ’ਤੇ ਵੀ ਫਿਕਰਮੰਦ ਨਹੀਂ ਹੈ।