ਆਗਾਮੀ ਦਿਨਾਂ ’ਚ ਪੰਜਾਬ ਕਾਂਗਰਸ ਅੰਦਰ ਵੱਡਾ ਉਲਟਫੇਰ ਹੋਣ ਦੀਆਂ ਸੰਭਾਵਨਾਵਾਂ ਹਨ : ਵਿਜੈਇੰਦਰ ਸਿੰਗਲਾ
ਚੰਡੀਗੜ੍ਹ : ਆਗਾਮੀ ਦਿਨਾਂ ’ਚ ਪੰਜਾਬ ਕਾਂਗਰਸ ਅੰਦਰ ਵੱਡਾ ਉਲਟਫੇਰ ਹੋਣ ਦੀਆਂ ਸੰਭਾਵਨਾਵਾਂ ਹਨ। ਕਾਂਗਰਸ ਹਲਕਿਆਂ ਵਿਚ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਅਗਲੇ ਦਿਨਾਂ ਵਿਚ ਪ੍ਰਦੇਸ਼ ਕਾਂਗਰਸ ਨੂੰ ਨਵਾਂ ਪ੍ਰਧਾਨ ਦੇ ਸਕਦੀ ਹੈ। ਵਿਜੈ ਇੰਦਰ ਸਿੰਗਲਾਂ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਹ ਰਾਹੁਲ ਗਾਂਧੀ ਦੀ ਟੀਮ ਵਿਚ ਮੰਨੇ ਜਾਂਦੇ ਹਨ। ਸਭ ਤੋਂ ਅਹਿਮ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸਿੰਗਲਾ ਦੀ ਪੈਰਵਾਈ ਕਰ ਰਹੇ ਹਨ। ਪਤਾ ਲੱਗਿਆ ਹੈ ਕਿ ਕਾਂਗਰਸ ਹਾਈਕਮਾਨ ਨੇ ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖਦੇ ਹੋਏ ਪੰਜਾਬ ਵਿਚ ਲੀਡਰਸ਼ਿਪ ਵਿਚ ਬਦਲਾਅ ਕਰਨ ਦਾ ਮੰਨ ਬਣਾ ਲਿਆ ਹੈ। ਸੂਬੇ ਦੀਆਂ ਬਦਲ ਰਹੀਆਂ ਸਿਆਸੀ ਪ੍ਰਸਥਿਤੀਆਂ ਨੂੰ ਦੇਖਦੇ ਹੋਏ ਕਾਂਗਰਸ ਹਾਈਕਮਾਨ ਸੂਬੇ ਵਿਚ ਹਿੰਦੂ ਤੇ ਦਲਿਤ ਲੀਡਰਸ਼ਿਪ ਨੂੰ ਉਭਾਰਨਾ ਚਾਹੁੰਦੀ ਹੈ, ਕਿਉਕਿ ਭਾਜਪਾ ਤੇ ਆਮ ਆਦਮੀ ਵੀ ਇਸੇ ਏਜੰਡੇ ਉਤੇ ਚੱਲ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਸੂਬਾਈ ਆਗੂਆਂ ਨੇ ਹਾਈਕਮਾਨ ਨੂੰ ਦਲੀਲ ਦਿੱਤੀ ਹੈ ਕਿ ਪਾਰਟੀ ਪ੍ਰਧਾਨ ਅਤੇ ਵਿਰੋਧੀ ਧਿਰ ਦਾ ਅਹੁਦਾ ਇਸ ਵਕਤ ਜੱਟ ਭਾਈਚਾਰੇ ਨਾਲ ਸਬੰਧਤ ਆਗੂਆਂ ਕੋਲ ਹਨ, ਇਹਨਾਂ ਵਿਚੋ ਇਕ ਅਹੁਦਾ ਹਿੰਦੂ ਚਿਹਰੇ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਸ ਕਰਕੇ ਪ੍ਰਧਾਨਗੀ ਦਾ ਅਹੁਦਾ ਹਿੰਦੂ ਨੇਤਾ ਨੂੰ ਦਿੱਤਾ ਜਾਣਾ ਚਾਹੀਦਾ ਹੈ। ਪਤਾ ਲੱਗਿਆ ਹੈ ਕਿ ਰਾਜਾ ਵੜਿੰਗ ਖੁਦ ਸਿੰਗਲਾ ਨੂੰ ਪ੍ਰਧਾਨ ਬਣਾਉਣ ਲਈ ਲਾਮਬੰਦੀ ਕਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਦਾ ਇਕ ਧੜਾ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਮਨਾਉਣ ਦੀਆਂ ਦਲੀਲਾਂ ਦੇ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸੁਨੀਲ ਜਾਖੜ ਨਾਲ ਰਾਬਤਾ ਬਣਾਉਣ ਦਾ ਯਤਨ ਵੀ ਸ਼ੁਰੂ ਕੀਤਾ ਹੋਇਆ ਹੈ।