ਆਰ. ਪੀ. ਐਫ. ਕਰਮਚਾਰੀ ਤੇ ਹਮਲਾ ਕਰਨ ਵਾਲੇ ਨਿਹੰਗਾਂ ਖਿਲਾਫ਼ ਹੋਇਆ ਕੇਸ ਦਰਜ
ਕਰਤਾਰਪੁਰ : ਪੰਜਾਬ ਦੇ ਕਰਤਾਰਪੁਰ ਰੇਲਵੇ ਫਾਟਕ ’ਤੇ ਆਰ.ਪੀ.ਐੱਫ. ਕਰਮਚਾਰੀ ਗੁਰਪ੍ਰੀਤ ਸਿੰਘ ’ਤੇ ਹਮਲਾ ਕਰਨ ਵਾਲੇ ਨਿਹੰਗਾਂ ਖਿਲਾਫ ਥਾਣਾ ਜੀ.ਆਰ.ਪੀ. ’ਚ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ’ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਪੁਲਸ ਹਮਲਾਵਰਾਂ ਨੂੰ ਉਨ੍ਹਾਂ ਦੀ ਕਾਰ ਦੇ ਨੋਟ ਕੀਤੇ ਗਏ ਨੰਬਰ ਦੇ ਆਧਾਰ ’ਤੇ ਗ੍ਰਿਫ਼ਤਾਰ ਕਰੇਗੀ। ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ 7-8 ਨਿਹੰਗਾਂ ਨੇ ਕਰਤਾਰਪੁਰ ਰੇਲਵੇ ਫਾਟਕ ’ਤੇ ਤਾਇਨਾਤ ਆਰ.ਪੀ.ਐੱਫ. ਦੇ ਜਵਾਨ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ਤੋਂ ਬਾਅਦ ਸਾਰੇ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਆਰ.ਪੀ.ਐੱਫ. ਦੇ ਇੰਸਪੈਕਟਰ ਰਾਜੇਸ਼ ਕੁਮਾਰ, ਏ.ਐੱਸ.ਆਈ. ਨੀਰਜ ਕੁਮਾਰ, ਥਾਣਾ ਜੀ.ਆਰ.ਪੀ. ਦੇ ਐੱਸ.ਐੱਚ.ਓ. ਪਲਵਿੰਦਰ ਸਿੰਘ ਭਿੰਡਰ ਵੀ ਮੌਕੇ ’ਤੇ ਪੁੱਜੇ ਤੇ ਗੁਰਪ੍ਰੀਤ ਨੂੰ ਜ਼ਖ਼ਮੀ ਹਾਲਤ ’ਚ ਕਰਤਾਰਪੁਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਐਤਵਾਰ ਨੂੰ ਥਾਣਾ ਜੀ.ਆਰ.ਪੀ. ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਦੂਜੇ ਪਾਸੇ ਸੂਤਰਾਂ ਅਨੁਸਾਰ ਇਸ ਤੋਂ ਬਾਅਦ ਇਕ ਨਿਹੰਗ ਸਿੰਘ ਵੀ ਹਸਪਤਾਲ ’ਚ ਦਾਖ਼ਲ ਹੋਇਆ ਤਾਂ ਉਸ ਨੇ ਵੀ ਕੁੱਟਮਾਰ ਦੇ ਦੋਸ਼ ਲਾਏ ਹਨ।